ਨਵੀਂ ਦਿੱਲੀ: ਰਿਲਾਇੰਸ ਜੀਓ ਇੱਕ ਪਾਸੇ ਜਿੱਥੇ ਆਪਣੇ ਗਾਹਕਾਂ ਲਈ ਰੋਜ਼ਾਨਾ ਕੋਈ ਨਾ ਕੋਈ ਆਫਰ ਲੈ ਕੇ ਆ ਰਿਹਾ ਹੈ ਤਾਂ ਦੂਜੇ ਪਾਸੇ ਟੈਲੀਕਾਮ ਕੰਪਨੀਆਂ ਵੀ ਰਿਲਾਇੰਸ ਜੀਓ ਨੂੰ ਟੱਕਰ ਦੇਣ ਲਈ ਆਪਣੇ ਪਲਾਨ ਵਿੱਚ ਬਦਲਾਅ ਕਰ ਰਹੀਆਂ ਹਨ। ਪਿਛਲੇ ਕੁਝ ਮਹੀਨਿਆਂ ਵਿੱਚ ਰਿਲਾਇੰਸ ਨੇ ਜਿੱਥੇ ਕਈ ਨਵੇਂ ਗਾਹਕ ਆਪਣੇ ਨਾਲ ਜੋੜੇ ਹਨ, ਉੱਥੇ ਦੂਜੇ ਪਾਸੇ ਕੰਪਨੀਆਂ ਨੂੰ ਇਸ ਦਾ ਭੁਗਤਾਨ ਕਰਨਾ ਪੈ ਰਿਹਾ ਹੈ।   ਰਿਲਾਇੰਸ ਨੇ ਬਾਜ਼ਾਰ ਵਿੱਚ ਆਪਣੀ ਦਾਅਵੇਦਾਰੀ ਹੋਰ ਪੱਕੀ ਕਰਨ ਲਈ ਬ੍ਰਾਡਬੈਂਡ ਇੰਟਰਨੈਟ ਵੱਲ ਕਦਮ ਚੁੱਕਿਆ ਹੈ। ਕੰਪਨੀ ਜੀਓਫਾਈਬਲਰ ਸਰਵਿਸ ਰਾਹੀਂ ਬ੍ਰਾਡਬੈਂਡ ਦੁਨੀਆ ਵਿੱਚ ਆਪਣੀ ਵੱਖਰੀ ਪਛਾਣ ਬਣਾਉਣ ਲਈ ਤਿਆਰ ਹੈ। ਕੰਪਨੀ ਨੇ ਮੁਲਕ ਦੇ ਬਾਜ਼ਾਰਾਂ ਵਿੱਚ 1.1 ਟੀਬੀ (ਟੈਰਾਬਾਈਟ) ਫਰੀ ਡਾਟਾ ਦੇ ਨਾਲ ਹਾਈ-ਸਪੀਡ ਫਾਈਬਰ ਟੂ ਦ ਹੋਮ (FTTH) ਬ੍ਰਾਡਬੈਂਡ ਕਨੈਕਸ਼ਨ ਦੇਣਾ ਸ਼ੁਰੂ ਕਰ ਦਿੱਤਾ ਹੈ। ਇਸ ਵਿੱਚ ਡਾਟਾ ਦੀ ਸਪੀਡ 100Mbps ਹੋਵੇਗੀ। ਇਸ ਸਰਵਿਸ ਦੀ ਸ਼ੁਰੂਆਤ ਅਧਿਕਾਰਕ ਤੌਰ 'ਤੇ ਇਸੇ ਸਾਲ ਹੋਣੀ ਹੈ। ਰਿਲਾਇੰਸ ਵੱਲੋਂ ਹਾਈ-ਸਪੀਡ ਫਾਇਬਰ ਟੂ ਦ ਹੋਮ ਮੁਤਾਬਕ ਸ਼ੁਰੂਆਤ ਵਿੱਚ ਯੂਜ਼ਰ ਨੂੰ FTTH ਪਲਾਨ ਵਿੱਚ 100 Mbps ਦੀ ਸਪੀਡ ਨਾਲ 100GB ਡਾਟਾ ਦਿੱਤਾ ਜਾਵੇਗਾ। ਇਸ ਤੋਂ ਬਾਅਦ ਡਾਟਾ ਖਤਮ ਹੁੰਦੇ ਹੀ ਗਾਹਕ ਇੱਕ ਮਹੀਨੇ ਵਿੱਚ 25 ਵਾਰ ਤੱਕ ਫਰੀ ਵਿੱਚ 40 ਜੀਬੀ ਡਾਟਾ ਰੀਚਾਰਜ ਕਰਵਾ ਸਕਣਗੇ। ਇਸ ਤਰੀਕੇ ਨਾਲ ਇੱਕ ਮਹੀਨੇ ਵਿੱਚ ਗਾਹਕਾਂ ਨੂੰ 1100 ਜੀਬੀ ਡਾਟਾ ਮੁਫਤ ਦਿੱਤਾ ਜਾਵੇਗਾ। ਇਸ ਪਲਾਨ ਵਾਸਤੇ ਕੰਪਨੀ ਨੂੰ ਸਿਕਿਉਰਿਟੀ ਦੇ ਤੌਰ 'ਤੇ 4500 ਰੁਪਏ ਦੇਣੇ ਪੈਣਗੇ। ਇਸੇ ਰਕਮ ਵਿੱਚ ਜੀਓ ਰਾਉਟਰ ਇੰਸਟਾਲ ਕੀਤਾ ਜਾਵੇਗਾ।