ਚੰਡੀਗੜ੍ਹ: ਰਿਲਾਇੰਸ ਇੰਡਸਟਰੀ ਵੱਲੋਂ ਪਿਛਲੇ ਮਹੀਨੇ ਜਾਰੀ ਕੀਤਾ ਨਵਾਂ 4ਜੀ ਸਮਾਰਟ ਫ਼ੋਨ ਜੀਓ ਲਾਈਫ਼ ਅਤੇ ਸਿੰਮ ਖ਼ਰੀਦਣ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਕੰਪਨੀ ਨੇ ਉਨ੍ਹਾਂ ਨੂੰ ਮੁਫ਼ਤ ਕਾਲਿੰਗ ਅਤੇ 4ਜੀ ਨੈੱਟ ਦਾ ਲਾਲਚ ਦੇ ਕੇ ਵੱਡਾ ਧੋਖਾ ਕੀਤਾ ਹੈ। ਲੋਕਾਂ ਦਾ ਕਹਿਣਾ ਹੈ ਕਿ ਕੰਪਨੀ ਦੀ ਸਿੰਮ ਤੋਂ ਪਿਛਲੇ 15 ਦਿਨਾਂ ਤੋਂ ਇੱਕ ਵੀ ਕਾਲ ਨਹੀਂ ਲੱਗ ਰਹੀ ਅਤੇ ਨਾ ਹੀ ਇਸ ਦੀ ਸਪੀਡ 4ਜੀ ਹੈ। ਇਸ ਦੀ ਰਫ਼ਤਾਰ ਵੋਡਾਫੋਨ ਦੇ 2ਜੀ ਵਰਗੀ ਹੈ। ਤਿੰਨ ਮਹੀਨੇ ਦੀ ਕਾਲ ਮੁਫ਼ਤ ਅਤੇ ਤਿੰਨ ਮਹੀਨੇ ਦੇ 4ਜੀ ਨੈੱਟਵਰਕ ਮੁਫ਼ਤ ਦੇ ਕਾਰਨ ਹਜ਼ਾਰਾਂ ਦੀ ਗਿਣਤੀ ਵਿਚ ਲੋਕਾਂ ਨੇ ਰਿਲਾਇੰਸ ਦੀ ਕੰਪਨੀ ਦੇ 4ਜੀ ਜੀਓ ਲਾਈਫ਼ ਸਮਾਰਟ ਫ਼ੋਨ ਦੇ ਸਿੰਮ ਖ਼ਰੀਦੇ ਗਏ ਹਨ।
ਇਸ ਕੰਪਨੀ ਵੱਲੋਂ ਮੁਫ਼ਤ ਦੇ ਲਾਲਚ ਵਿਚ ਖ਼ਰੀਦੇ ਗਏ ਮੋਬਾਈਲ ਫ਼ੋਨ ਗਾਹਕਾਂ ਪਿੰਡ ਧੁਰਾ ਦੇ ਹਰਭਜਨ ਸਿੰਘ ਅਤੇ ਪੱਪੂ ਸਿੰਘ, ਧੂਰੀ ਸ਼ਹਿਰ ਦੇ ਵਰਿੰਦਰ ਕੁਮਾਰ ਅਤੇ ਲਵਲੀ ਦਾ ਕਹਿਣਾ ਹੈ ਕਿ ਕੰਪਨੀ ਵੱਲੋਂ ਜਾਰੀ ਇਸ ਸਹੂਲਤ ਦੇ ਨਾਂ 'ਤੇ ਗਾਹਕਾਂ ਨਾਲ ਕਥਿਤ ਤੌਰ 'ਤੇ ਧੋਖਾ ਕੀਤਾ ਗਿਆ ਹੈ।
ਉਨ੍ਹਾਂ ਵਿਚੋਂ ਕਈਆਂ ਵੱਲੋਂ ਕੀਤੀਆਂ 99 ਫ਼ੀਸਦੀ ਕਾਲਾਂ ਫ਼ੇਲ੍ਹ ਦੱਸੀਆਂ ਗਈਆਂ ਅਤੇ ਨੈੱਟ ਵੀ ਨਹੀਂ ਚੱਲਿਆ। ਉਨ੍ਹਾਂ ਦੱਸਿਆ ਕਿ ਜਦੋਂ ਵੀ ਉਹ ਕਾਲ ਕਰਦੇ ਹਨ ਤਾਂ ਨੈੱਟਵਰਕ ਬਿਜ਼ੀ ਦੱਸਿਆ ਜਾਂਦਾ ਹੈ। ਪਿੰਡਾਂ ਅਤੇ ਸ਼ਹਿਰਾਂ ਦੇ ਲੋਕਾਂ ਦਾ ਕਹਿਣਾ ਹੈ ਕਿ ਇਹ ਕੰਪਨੀ ਆਮ ਜਨਤਾ ਨਾਲ ਧੋਖਾ ਕਰ ਰਹੀ ਹੈ।