ਨਵੀਂ ਦਿੱਲੀ: ਟੈਲੀਕਮਿਊਨੀਕੇਸ਼ਨ ਸੇਵਾ ਪ੍ਰਦਾਨ ਕਰਨ ਵਾਲੀ ਕੰਪਨੀ ਰਿਲਾਇੰਸ ਜੀਓ ਨੇ ਨਵੇਂ ਸਾਲ ਮੌਕੇ ਆਪਣੇ ਗਾਹਕਾਂ ਲਈ ਵਿਸ਼ੇਸ਼ ਆਫਰ ਦਾ ਐਲਾਨ ਕੀਤਾ ਹੈ। ਰਿਲਾਇੰਸ ਜੀਓ ਨੇ 399 ਰੁਪਏ ਦੇ ਰੀਚਾਰਜ 'ਤੇ 100 ਫ਼ੀਸਦ ਕੈਸ਼ਬੈਕ ਦਾ ਐਲਾਨ ਕੀਤਾ ਹੈ। ਇਹ ਕੈਸ਼ਬੈਕ ਕੂਪਨਾਂ ਦੇ ਰੂਪ ਵਿੱਚ ਮਿਲੇਗਾ, ਜਿਸ ਦਾ ਲਾਭ ਈ-ਕਾਮਰਸ ਵੈੱਬਸਾਈ ਏਜੀਓ 'ਤੇ ਲਿਆ ਜਾ ਸਕੇਗਾ।
ਸ਼ੁੱਕਰਵਾਰ ਨੂੰ ਕੰਪਨੀ ਵੱਲੋਂ ਜਾਰੀ ਬਿਆਨ ਵਿੱਚ ਦੱਸਿਆ ਗਿਆ ਹੈ ਕਿ ਜੀਓ ਨੇ ਏਜੀਓ ਦੀ ਹਿੱਸੇਦਾਰੀ ਵਿੱਚ ਜੀਓ ਹੈੱਪੀ ਨਿਊ ਈਅਰ ਆਫਰ ਦੀ ਪੇਸ਼ਕਸ਼ ਕੀਤੀ ਹੈ। ਇਸ ਤਹਿਤ ਉਪਭੋਗਤਾਵਾਂ ਨੂੰ ਏਜੀਓ ਕੂਪਨ ਰਾਹੀਂ 100 ਫ਼ੀਸਦ ਕੈਸ਼ਬੈਕ ਕੀਤਾ ਜਾਵੇਗਾ। ਉਪਭੋਗਤਾ 399 ਰੁਪਏ ਦਾ ਰੀਚਾਰਜ ਕਰ ਕੇ ਇਸ ਦਾ ਲਾਭ ਲੈ ਸਕਣਗੇ।
ਇਸ ਕੂਪਨ ਨੂੰ ਘੱਟੋ-ਘੱਟ 1000 ਰੁਪਏ ਦੇ ਆਰਡਰ 'ਤੇ ਹੀ ਅਪਲਾਈ ਕੀਤਾ ਜਾ ਸਕਦਾ ਹੈ। ਇਹ ਪੇਸ਼ਕਸ਼ ਰਿਲਾਇੰਸ ਜੀਓ ਦੇ ਮੌਜੂਦਾ ਤੇ ਨਵੇਂ ਗਾਹਕਾਂ ਲਈ ਹੋਵੇਗੀ। ਯੋਜਨਾ ਦਾ ਲਾਭ 28 ਦਸੰਬਰ 2018 ਤੋਂ 31 ਜਨਵਰੀ 2019 ਤਕ ਕੀਤੇ ਗਏ ਰੀਚਾਰਜ ਨਾਲ ਮਿਲੇਗਾ। ਇਸ ਦੌਰਾਨ ਮਿਲੇ ਕੂਪਨ ਦਾ 15 ਮਾਰਚ ਤੋਂ ਪਹਿਲਾਂ ਭੁਗਤਾਨ ਕਰਨਾ ਪਵੇਗਾ।