ਨਵੀਂ ਦਿੱਲੀ: ਰਿਲਾਇੰਸ ਜੀਓ ਅਗਲੇ ਸਾਲ ਮਤਲਬ 2018 ਵਿੱਚ ਆਪਣੇ ਗਾਹਕਾਂ ਨੂੰ ਝਟਕਾ ਦੇ ਸਕਦਾ ਹੈ। ਟੈਲੀਕਾਮ ਇੰਡਸਟਰੀ ਵਿੱਚ ਡੇਟਾ ਦੀ ਜੰਗ ਸ਼ੁਰੂ ਕਰਨ ਵਾਲੀ ਕੰਪਨੀ ਜੀਓ ਹੁਣ ਇਸ ਨੂੰ ਖਤਮ ਕਰ ਸਕਦੀ ਹੈ। ਓਪਨ ਸਿਗਨਲ ਦੀ ਨਵੀਂ ਰਿਪੋਰਟ ਮੁਤਾਬਕ ਰਿਲਾਇੰਸ ਜੀਓ ਆਪਣੇ ਟੈਰਿਫ ਪਲਾਨ ਮਹਿੰਗੇ ਕਰਨ ਦੀ ਤਿਆਰੀ ਵਿੱਚ ਹੈ।

ਸਤੰਬਰ 2016 ਵਿੱਚ ਜੀਓ ਦੇ ਲਾਂਚ ਹੋਣ ਦੇ ਨਾਲ ਹੀ ਸਸਤੇ ਟੈਰਿਫ ਪਲਾਨ ਨੂੰ ਵੇਖਦੇ ਹੋਏ ਬਾਕੀ ਟੈਲੀਕਾਮ ਕੰਪਨੀਆਂ ਨੇ ਵੀ ਆਪਣੇ ਪਲਾਨ ਸਸਤੇ ਕਰ ਦਿੱਤੇ ਸਨ। ਭਾਰਤ ਵਿੱਚ ਡੇਟਾ ਦੀ ਕੀਮਤ 70 ਫੀਸਦੀ ਤੋਂ ਵੀ ਜ਼ਿਆਦਾ ਡਿੱਗੀ। ਅਜਿਹੇ ਵਿੱਚ ਜੇਕਰ ਜੀਓ ਨੇ ਆਪਣੇ ਪਲਾਨ ਮਹਿੰਗੇ ਕੀਤੇ ਤਾਂ ਬਾਕੀ ਕੰਪਨੀਆਂ ਵੀ ਰੇਟ ਵਧਾ ਦੇਣਗੀਆਂ। ਇਸ ਦੇ ਇਸ਼ਾਰੇ ਕੰਪਨੀ ਨੇ ਅਕਤੂਬਰ ਵਿੱਚ ਦਿੱਤੇ ਸਨ ਜਦ ਜੀਓ ਨੇ ਆਪਣੇ ਕਈ ਪਲਾਨ ਨੂੰ ਰਿਵਾਈਜ਼ ਕਰਦੇ ਹੋਏ ਮਹਿੰਗਾ ਕਰ ਦਿੱਤਾ ਸੀ।

ਓਪਨ ਸਿਗਨਲ ਦੀ ਨਵੀਂ ਰਿਪੋਰਟ ਦੀ ਮੰਨੀਏ ਤਾਂ ਜੀਓ ਦੇ ਬਾਜ਼ਾਰ ਵਿੱਚ ਆਉਣ ਨਾਲ ਭਾਰਤੀ ਟੈਲੀਕਾਮ ਸੈਕਟਰ ਵਿੱਚ ਰੇਟ ਕਾਫੀ ਘਟੇ ਹਨ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ 4ਜੀ ਬਾਜ਼ਾਰ ਵਿੱਚ ਜੀਓ ਉਸੇ ਤਰ੍ਹਾਂ ਕਾਇਮ ਰਵੇਗਾ। ਅਗਲੇ ਸਾਲ 2018 ਵਿੱਚ ਜੀਓ ਆਪਣੀ ਸਰਵਿਸ ਦੀ ਮੁੱਲ ਵਧਾ ਸਕਦਾ ਹੈ। ਇਸ ਵਿੱਚ ਦੋ ਰਾਏ ਨਹੀਂ ਕਿ ਰੇਟ ਵਧਣ ਤੋਂ ਬਾਅਦ ਬਾਕੀ ਕੰਪਨੀਆਂ ਵੀ ਅਜਿਹਾ ਹੀ ਕਰਨ।