ਨਵੀਂ ਦਿੱਲੀ: ਟੈਲੀਕਾਮ ਕੰਪਨੀ ਰਿਲਾਇੰਸ ਜੀਓ ਨੇ ਇਲਜ਼ਾਮ ਲਾਇਆ ਹੈ ਕਿ ਕਾਲ ਕਨੈਕਸ਼ਨ ਚਾਰਜ ਨਾਲ ਨੁਕਸਾਨ ਹੋਣ ਦੇ ਭਾਰਤੀ ਏਅਰਟੈਲ ਦੇ ਦਾਅਵੇ ਗਲਤ ਹਨ। ਜੀਓ ਦਾ ਕਹਿਣਾ ਹੈ ਕਿ ਏਅਰਟੈੱਲ ਇੰਟਰਕਨੈਕਸ਼ਨ ਕਸਟਮਰ ਫੀਸ (ਆਈਯੂਸੀ) ਦੇ ਤਰੀਕੇ ਦੀ ਸਮੀਖਿਆ ਨੂੰ ਪ੍ਰਭਾਵਿਤ ਕਰਨ ਲਈ ਅਜਿਹਾ ਕਰ ਰਹੀ ਹੈ। ਵੱਡੀ ਟੈਲੀਕਾਮ ਕੰਪਨੀ ਭਾਰਤੀ ਏਅਰਟੈਲ ਨੇ ਪਿਛਲੇ ਹਫਤੇ ਰਿਲਾਇੰਸ ਜੀਓ 'ਤੇ ਕਾਲ ਕਨੈਕਸ਼ਨ ਫੀਸ ਦੇ ਮੁੱਦੇ 'ਤੇ ਟੈਲੀਕਾਮ ਰੈਗੁਲੇਟਰੀ ਅਥਾਰਿਟੀ ਆਫ ਇੰਡੀਆ (ਟ੍ਰਾਈ) ਤੇ ਲੋਕਾਂ ਨੂੰ ਗੁੰਮਰਾਹ ਕਰਨ ਦੇ ਇਲਜ਼ਾਮ ਲਾਏ।
ਏਅਰਟੈਲ ਨੇ ਦਾਅਵਾ ਕੀਤਾ ਸੀ ਕਿ ਥੱਲੜੇ ਆਈਯੂਸੀ ਕਾਰਨ ਬੀਤੇ ਪੰਜ ਸਾਲ 'ਚ ਉਸ ਨੂੰ 6800 ਕਰੋੜ ਦਾ ਨੁਕਸਾਨ ਹੋਇਆ ਹੈ। ਜੀਓ ਦਾ ਕਹਿਣਾ ਹੈ ਕਿ ਮੌਜੂਦਾ ਆਈਯੂਸੀ ਦਰਾਂ ਕਾਰਨ ਘਾਟੇ ਸਬੰਧੀ ਏਅਰਟੈਲ ਦਾ ਬਿਆਨ ਬਹੁਤ ਹੀ ਗਲਤ ਤੇ ਭੜਕਾਉਣ ਵਾਲਾ ਹੈ। ਜੀਓ ਨੇ ਇਸ ਬਾਰੇ ਟ੍ਰਾਈ ਦੇ ਚੇਅਰਮੈਨ ਆਰਐਸ ਸ਼ਰਮਾ ਨੂੰ ਚਿੱਠੀ ਲਿਖੀ ਹੈ।
ਜੀਓ ਨੇ ਕਿਹਾ ਹੈ, "ਅਸੀਂ ਕਹਿਣਾ ਚਾਹੁੰਦੇ ਹਾਂ ਕਿ ਏਅਰਟੈਲ ਦੇ ਸਾਰੇ ਤਰਕ ਝੂਠੇ ਹਨ, ਤੱਥਾਂ 'ਤੇ ਅਧਾਰਤ ਨਹੀਂ ਤੇ ਭੜਕਾਉਣ ਵਾਲੇ ਹਨ। ਅਸੀਂ ਅਪੀਲ ਕਰਦੇ ਹਾਂ ਕਿ ਇਸ ਤਰ੍ਹਾਂ ਦੇ ਸ਼ਰਾਰਤਪੂਰਨ ਦਾਅਵੇ ਲਈ ਏਅਰਟੈੱਲ ਖਿਲਾਫ ਕਾਰਵਾਈ ਕੀਤੀ ਜਾਵੇ।
ਇਸ ਵੇਲੇ ਮੋਬਾਈਲ ਫੋਨ ਤੋਂ ਕੀਤੀ ਜਾਣ ਵਾਲੀ ਕਾਲ 'ਤੇ ਆਈਯੂਸੀ ਦੀ ਦਰ 14 ਪੈਸੇ ਹੈ। ਇਸ ਮੁੱਦੇ ਨੂੰ ਲੈ ਕੇ ਰਿਲਾਇੰਸ ਜੀਓ ਤੇ ਏਅਰਟੈਲ 'ਚ ਇਲਜ਼ਾਮ ਲਾਏ ਜਾ ਰਹੇ ਹਨ। ਰਿਲਾਇੰਸ ਜੀਓ ਨੇ ਟ੍ਰਾਈ ਸਾਹਮਣੇ ਕਿਹਾ ਹੈ ਕਿ ਮੌਜੂਦਾ ਦੂਰਸੰਚਾਰ ਕੰਪਨੀਆਂ ਨੂੰ ਆਈਯੂਸੀ 'ਚ ਇੱਕ ਲੱਖ ਕਰੋੜ ਰੁਪਏ ਦਾ ਫਾਇਦਾ ਹੋਇਆ ਹੈ। ਇਸ ਦੇ ਜਵਾਬ 'ਚ ਏਅਰਟੈਲ ਨੇ ਇਲਜ਼ਾਮ ਲਾਇਆ ਕਿ ਰਿਲਾਇੰਸ ਜੀਓ ਨੇ ਇਸ ਮੁੱਦੇ 'ਤੇ ਗੁੰਮਰਾਹ ਕੀਤਾ ਹੈ।