ਚੰਡੀਗੜ੍ਹ: ਉਪਭੋਗਤਾ ਰੈਂਟਲ ਵੈੱਬਸਾਈਟ ਰੈਂਟਮੋਜੋ ਆਈਫੋਨ X, ਆਈਫੋਨ 8, ਗੂਗਲ ਪਿਕਸਲ 2, ਸੈਮਸੰਗ ਗੈਲੇਕਸੀ ਐਸ 9 ਤੇ ਸੈਮਸੰਗ ਗੈਲੇਕਸੀ ਨੋਟ 8 ਨੂੰ ਅੱਧੇ ਸਾਲ ਤੇ 2 ਸਾਲ ਲਈ ਕਿਰਾਏ ’ਤੇ ਉਪਲੱਬਧ ਕਰਾ ਰਹੀ ਹੈ। ਰੈਂਟਮੋਜੋ ਵੈੱਬਸਾਈਟ ਤੋਂ ਫਰਨੀਚਰ, ਇਲੈਕਟ੍ਰੋਨਿਕ, ਗੱਡੀਆਂ ਤੇ ਸਮਾਰਟਫੋਨ ਕਿਰਾਏ ’ਤੇ ਲਏ ਜਾ ਸਕਦੇ ਹਨ। ਕਿਰਾਏ ਦੀ ਸ਼ੁਰੂਆਤ 2,099 ਰੁਪਏ ਪ੍ਰਤੀ ਮਹੀਨਾ ਤੋਂ 9,299 ਪ੍ਰਤੀ ਮਹੀਨਾ ਤਕ ਹੈ। ਇਸ ਦੇ ਨਾਲ ਹੀ 2 ਸਾਲ ਬਾਅਦ ਗਾਹਕ ਫੋਨ ਖਰੀਦ ਵੀ ਸਕਦੇ ਹਨ।

ਆਈਫੋਨ X ਦੇ ਕਿਰਾਏ ਦੀ ਸ਼ੁਰੂਆਤ 4,299 ਰੁਪਏ ਪ੍ਰਤੀ ਮਹੀਨਾ ਤੋਂ ਕੀਤੀ ਗਈ ਹੈ। ਪਰ ਇਹ ਆਫਰ ਉਦੋਂ ਹੀ ਲਿਆ ਜਾ ਸਕਦਾ ਹੈ ਜੇ ਗਾਹਕ ਇਸ ਨੂੰ 24 ਮਹੀਨਿਆਂ ਲਈ ਬੁੱਕ ਕਰਦਾ ਹੈ। ਅੱਧੇ ਸਾਲ ਲਈ ਇਹ ਫੋਨ ਗਾਹਕਾਂ ਨੂੰ 9,299 ਰੁਪਏ ਪ੍ਰਤੀ ਮਹੀਨੇ ਦੀ ਦਰ ਨਾਲ ਦਿੱਤਾ ਜਾਏਗਾ।

ਵੈੱਬਸਾਈਟ ਦਾ ਕਹਿਣਾ ਹੈ ਕਿ ਜ਼ਿੰਨੇ ਜ਼ਿਆਦਾ ਮਹੀਨਿਆਂ ਲਈ ਗਾਹਕ ਫੋਨ ਕਿਰਾਏ ’ਤੇ ਲਏਗਾ, ਉਸ ਨੂੰ ਓਨਾ ਜ਼ਿਆਦਾ ਫਾਇਦਾ ਹੋਏਗਾ। 24 ਮਹੀਨਿਆਂ ਬਾਅਦ ਜਦੋਂ ਆਈਫੋਨ ਦੇ ਕਿਰਾਏ ਦੀ ਮਿਆਦ ਖਤਮ ਹੋ ਜਾਏਗੀ ਤਾਂ ਗਾਹਕ ਉਸ ਨੂੰ ਖਰੀਦ ਵੀ ਸਕਦਾ ਹੈ। ਇਸ ਲਈ ਉਸ ਨੂੰ ਮਹਿਜ਼ 15,566 ਰੁਪਏ ਦੇਣੇ ਪੈਣਗੇ। ਰੈਂਟਮੋਜੋ ਰਿਫੰਡੇਬਲ ਡਿਪਾਜ਼ਿਟ ਵਜੋਂ 9,998 ਰੁਪਏ ਆਪਣੇ ਕੋਲ ਰੱਖਦਾ ਹੈ।

ਗੂਗਲ ਪਿਕਸਲ 2 ਨੂੰ ਇੱਥੇ ਸਭ ਤੋਂ ਸਸਤੀ ਕੀਮਤ ’ਤੇ ਹਾਸਲ ਕੀਤਾ ਜਾ ਸਕਦਾ ਹੈ। ਇਹ ਫੋਨ 24 ਮਹੀਨਿਆਂ ਲਈ 2,099 ਰੁਪਏ ਪ੍ਰਤੀ ਮਹੀਨਾ ਦੀ ਦਰ ਨਾਲ ਕਿਰਾਏ ’ਤੇ ਲਿਆ ਜਾ ਸਕਦਾ ਹੈ। ਅੱਧੇ ਸਾਲ ਲਈ ਇਹ ਫੋਨ 5,398 ਰੁਪਏ ਪ੍ਰਤੀ ਮਹੀਨਾ ਦੀ ਦਰ ’ਤੇ ਹਾਸਲ ਕੀਤਾ ਜਾ ਸਕਦਾ ਹੈ। ਇਹੀ ਰੇਟ ਆਈਫੋਨ 8 ਤੇ ਸੈਮਸੰਗ ਗੈਲੇਕਸੀ ਐਸ 9 ਤੇ ਸੈਮਸੰਗ ਗੈਲੇਕਸੀ ਨੋਟ 8 ਲਈ ਹਨ।