ਅਮਰੀਕੀਆਂ ਨੂੰ ਰੋਬੋਟ ਤੋਂ ਖਤਰਾ, 2020 ਤੱਕ ਘਟੇਗ ਰੁਜ਼ਗਾਰ!
ਏਬੀਪੀ ਸਾਂਝਾ | 27 Nov 2017 04:06 PM (IST)
ਨਵੀਂ ਦਿੱਲੀ: ਦੁਨੀਆ ਭਰ 'ਚ ਰੁਜ਼ਗਾਰ ਦਾ ਭਵਿੱਖ ਹੁਣ ਰੋਬੋਟ 'ਤੇ ਤੈਅ ਹੋਣ ਜਾ ਰਿਹਾ ਹੈ। ਜ਼ਿਆਦਾਤਰ ਖੇਤਰਾਂ 'ਚ ਲੋਕਾਂ ਵੱਲੋਂ ਕੀਤਾ ਜਾਣ ਵਾਲਾ ਕੰਮ ਰੋਬੋਟ ਨੂੰ ਦਿੱਤੇ ਜਾਣ ਦੀ ਤਿਆਰੀ ਹੈ। ਇਸ ਕਾਰਨ ਚਿੰਤਾ ਪ੍ਰਗਟਾਈ ਜਾ ਰਹੀ ਹੈ ਕਿ ਦੁਨੀਆ 'ਚ ਰੁਜ਼ਗਾਰ ਦਾ ਗ੍ਰਾਫ ਥੱਲੇ ਆਉਣ ਵਾਲਾ ਹੈ। ਸਾਲ 2020 ਤੱਕ ਕਈ ਰੁਜ਼ਗਾਰ ਅਜਿਹੇ ਹੋਣਗੇ ਜਿਹੜੇ ਆਟੋਮੇਸ਼ਨ ਦਾ ਸ਼ਿਕਾਰ ਹੋ ਜਾਣਗੇ। ਕੁਝ ਕੰਮਾਂ 'ਤੇ ਸਿਰਫ ਰੋਬੋਟ ਹੀ ਕੰਮ ਕਰਨਗੇ। ਇਨ੍ਹਾਂ ਗੱਲਾਂ ਤੋਂ ਸਭ ਤੋਂ ਜ਼ਿਆਦਾ ਖਤਰਾ ਅਮਰੀਕਾ ਦੇ ਲੋਕਾਂ ਨੂੰ ਲੱਗ ਰਿਹਾ ਹੈ। ਅਮਰੀਕੀਆਂ ਨੂੰ ਹੁਣ ਡਰ ਹੈ ਕਿ ਰੋਬੋਟ ਉਨ੍ਹਾਂ ਦੀ ਨੌਕਰੀ 'ਚ ਵੱਡੀ ਕਟੌਤੀ ਕਰ ਸਕਦੇ ਹਨ। ਇਹੀ ਕਾਰਨ ਹੈ ਕਿ ਜ਼ਿਆਦਾਤਰ ਅਮਰੀਕੀ ਆਟੋਮੈਟਿਕ ਕਾਰ ਤੇ ਰੋਬੋਟ ਦੇ ਇਸਤੇਮਾਲ ਤੋਂ ਡਰ ਰਹੇ ਹਨ। ਇੱਕ ਰਿਪੋਰਟ ਮੁਤਾਬਕ ਅਮਰੀਕਾ 'ਚ ਜਿਸ ਤਰ੍ਹਾਂ ਡਰਾਈਵਰਲੈਸ ਕਾਰ ਦਾ ਦਾਇਰਾ ਵਧ ਰਿਹਾ ਹੈ, ਉਸ ਨਾਲ ਲੱਗਦਾ ਹੈ ਕਿ ਬਹੁਤ ਜਲਦ ਅਮਰੀਕਾ ਦੀਆਂ ਸੜਕਾਂ 'ਤੇ ਡਰਾਈਵਰਲੈਸ ਕਾਰਾਂ ਹੀ ਨਜ਼ਰ ਆਉਣਗੀਆਂ। ਜੇਕਰ ਇਹ ਬਦਲਾਅ ਆਇਆ ਤਾਂ ਟੈਕਸੀ ਡਰਾਈਵਰਾਂ ਤੇ ਕਾਰ ਚਲਾਉਣ ਵਾਲਿਆਂ ਦੀ ਨੌਕਰੀ ਦੇ ਸੰਕਟ ਖੜ੍ਹਾ ਹੋ ਜਾਵੇਗਾ। ਰਿਪੋਰਟ ਮੁਤਾਬਕ ਅਮਰੀਕਾ ਦੇ 56 ਫੀਸਦੀ ਲੋਕ ਇਹ ਮੰਨਦੇ ਹਨ ਕਿ 10 ਤੋਂ 50 ਸਾਲ ਦੇ ਅੰਦਰ ਪੂਰੇ ਅਮਰੀਕਾ 'ਚ ਡਰਾਈਵਰਲੈਸ ਕਾਰਾਂ ਹੀ ਚੱਲਣਗੀਆਂ ਜਦਕਿ ਨੌਂ ਫੀਸਦੀ ਅਮਰੀਕੀਆਂ ਨੂੰ ਲੱਗਦਾ ਹੈ ਕਿ ਅਗਲੇ 10 ਸਾਲ ਦੇ ਅੰਦਰ ਡਰਾਈਵਰਲੈਸ ਕਾਰਾਂ ਨਾਲ ਸੜਕਾਂ ਭਰ ਜਾਣਗੀਆਂ।