ਸੈਨ ਫ੍ਰਾਂਸਿਸਕੋ: ਸੋਸ਼ਲ ਮੀਡੀਆ ਸਾਈਟ ਫੇਸਬੁੱਕ 'ਤੇ ਹੁਣ ਸਾਰਿਆਂ ਲਈ ਲਾਈਵ ਵੀਡੀਓ ਸਟ੍ਰੀਮਿੰਗ ਕਰਨਾ ਮੁਸ਼ਕਲ ਹੋ ਜਾਵੇਗਾ। ਫੇਸਬੁੱਕ ਨੇ ਨਿਊਜ਼ੀਲੈਂਡ ਵਿੱਚ ਦੋ ਮਸਜਿਦਾਂ 'ਤੇ ਹੋਏ ਹਮਲੇ ਦਾ ਵੀਡੀਓ ਲਾਈਵ ਪ੍ਰਸਾਰਣ ਕੀਤੇ ਜਾਣ ਮਗਰੋਂ ਇਸ ਦੇ ਨਿਯਮ ਸਖ਼ਤ ਕਰ ਦਿੱਤੇ ਹਨ।
ਫੇਸਬੁੱਕ ਦੇ ਉੱਚ ਅਧਿਕਾਰੀ ਸ਼ੈਰਿਲ ਸੈਂਡਬਰਗ ਨੇ ਦੱਸਿਆ ਕਿ ਲੋਕਾਂ ਦਾ ਇਹ ਸਵਾਲ ਵਾਜਬ ਹੈ ਕਿ ਕਿਵੇਂ ਫੇਸਬੁੱਕ ਦੇ ਮੰਚ ਦੀ ਵਰਤੋਂ ਲੋਕ ਨਫ਼ਰਤੀ ਹਮਲਿਆਂ ਦੇ ਵੀਡੀਓ ਸਾਂਝੇ ਕਰਨ ਲਈ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਅਸੀਂ 'ਫੇਸਬੁੱਕ ਲਾਈਵ' ਦੇ ਨਿਯਮ ਸਖ਼ਤ ਬਣਾਉਣ ਜਾ ਰਹੇ ਹਾਂ। ਨਾਲ ਹੀ ਫੇਸਬੁੱਕ 'ਤੇ ਨਫ਼ਰਤੀ ਸਮੱਗਰੀ ਤੇ ਮੁੱਦਿਆਂ ਨਾਲ ਨਜਿੱਠਣ ਲਈ ਵੀ ਕਦਮ ਚੁੱਕੇ ਜਾ ਰਹੇ ਹਨ।
ਸੈਂਡਬਰਗ ਮੁਤਾਬਕ ਫੇਸਬੁੱਕ ਉਨ੍ਹਾਂ ਲੋਕਾਂ 'ਤੇ ਰੋਕ ਲਾਉਣ ਬਾਰੇ ਵੀ ਵਿਚਾਰ ਕਰ ਰਿਹਾ ਹੈ, ਜਿਨ੍ਹਾਂ ਨੇ ਫੇਸਬੁੱਕ 'ਤੇ ਸਿੱਧਾ ਪ੍ਰਸਾਰਣ ਕਰ ਕੇ ਸੋਸ਼ਲ ਨੈਟਵਰਕਿੰਗ ਦੇ ਤੈਅ ਕੀਤੇ ਮਾਪਦੰਡਾਂ ਦੀ ਉਲੰਘਣਾ ਕੀਤੀ ਹੈ। ਜ਼ਿਕਰਯੋਗ ਹੈ ਕਿ ਨਿਊਜ਼ੀਲੈਂਡ ਦੇ ਕ੍ਰਾਈਸਟਚਰਚ ਸ਼ਹਿਰ ਵਿੱਚ ਸਥਿਤ ਦੋ ਮਸਜਿਦਾਂ ਵਿੱਚ ਗੋਲ਼ੀਬਾਰੀ ਕਰ ਗੋਰੇ ਅੱਤਵਾਦੀ ਨੇ 50 ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ। ਉਸ ਨੇ ਸਾਰੀ ਘਟਨਾ ਫੇਸਬੁੱਕ 'ਤੇ ਲਾਈਵ ਸਾਂਝੀ ਕਰ ਦਿੱਤੀ ਸੀ।
ਹਾਲਾਂਕਿ, ਇਸ ਨੂੰ ਬਾਅਦ ਵਿੱਚ ਹਟਾ ਦਿੱਤਾ ਗਿਆ ਸੀ। ਪੰਜਾਬ ਵਿੱਚ ਵੀ ਕਈ ਮਾਮਲੇ ਸਾਹਮਣੇ ਆਏ ਸਨ, ਜਿੱਥੇ ਲੋਕਾਂ ਨੇ ਫੇਸਬੁੱਕ 'ਤੇ ਲਾਈਵ ਹੋ ਕੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਸੀ। ਪਰ ਹੁਣ ਫੇਸਬੁੱਕ ਲਾਈੲ ਵੀਡੀਓ ਪਾਉਣ ਦੇ ਨਿਯਮ ਸਖ਼ਤ ਕਰ ਰਿਹਾ ਹੈ। ਕਿਸ ਕਿਸਮ ਦੀ ਸਖ਼ਤੀ ਫੇਸਬੁੱਕ ਵੱਲੋਂ ਕੀਤੀ ਜਾਵੇਗੀ, ਇਸ ਬਾਰੇ ਸਾਡੀ ਨਜ਼ਰ ਬਣੀ ਰਹੇਗੀ।