ਮਾਰੂਤੀ ਸੁਜ਼ੂਕੀ ਦਾ ਹੈਰਾਨੀਜਨਕ ਖੁਲਾਸਾ
ਏਬੀਪੀ ਸਾਂਝਾ | 29 Oct 2017 04:34 PM (IST)
ਨਵੀਂ ਦਿੱਲੀ: ਪੂਰੇ ਮੁਲਕ ਨੂੰ ਇੱਕ ਬਾਜ਼ਾਰ ਬਣਾਉਣ ਵਾਲੇ ਕਰ ਪ੍ਰਬੰਧ ਜੀ.ਐਸ.ਟੀ. ਨੇ ਸਾਰੇ ਕਾਰੋਬਾਰ ਨੂੰ ਝੰਜੋੜ ਕੇ ਰੱਖ ਦਿੱਤਾ ਹੈ ਪਰ ਇਸ ਦਾ ਕਾਰਾਂ ਦੀ ਸੇਲ 'ਤੇ ਕੁਝ ਅਸਰ ਵਿਖਾਈ ਨਹੀਂ ਦੇ ਰਿਹਾ। ਘੱਟੋ-ਘੱਟ ਮਾਰੂਤੀ ਸੁਜ਼ੂਕੀ ਦੇ ਤਾਜ਼ਾ ਅੰਕੜੇ ਤਾਂ ਇਹੋ ਦੱਸਦੇ ਹਨ। ਦੇਸ਼ 'ਚ ਵਿਕਣ ਵਾਲੀਆਂ ਹਰ ਦੋ 'ਚੋਂ ਇੱਕ ਕਾਰ ਮਾਰੂਤੀ ਸੁਜ਼ੂਕੀ ਦੀ ਹੈ। ਕੰਪਨੀ ਮੁਤਾਬਕ ਜੀਐਸਟੀ ਲਾਗੂ ਹੋਣ ਤੋਂ ਬਾਅਦ ਪਹਿਲੇ ਤਿੰਨ ਮਹੀਨਿਆਂ ਜੁਲਾਈ ਤੋਂ ਸਤੰਬਰ ਦੌਰਾਨ ਉਸ ਨੇ ਘਰੇਲੂ ਬਾਜ਼ਾਰ 'ਚ 4.57 ਲੱਖ ਤੋਂ ਜ਼ਿਆਦਾ ਗੱਡੀਆਂ ਵੇਚੀਆਂ ਹਨ। ਪਿਛਲੇ ਸਾਲ ਇਸੇ ਤਿੰਨ ਮਹੀਨਿਆਂ ਤੋਂ ਇਹ 19 ਫੀਸਦੀ ਜ਼ਿਆਦਾ ਹੈ। ਕੰਪਨੀ ਦੇ ਚੇਅਰਮੈਨ ਆਰ.ਸੀ. ਭਾਰਗਵ ਮੁਤਾਬਕ ਪੂਰੇ ਕਾਰ ਬਾਜ਼ਾਰ ਦੀ ਗੱਲ ਕਰੀਏ ਤਾਂ ਉੱਥੇ ਸੇਲ 13 ਫੀਸਦੀ ਵਧੀ ਹੈ। ਇਹ ਇਸ ਗੱਲ ਦਾ ਸਬੂਤ ਹੈ ਕਿ ਬਾਜ਼ਾਰ 'ਚ ਡਿਮਾਂਡ ਵਧੀ ਹੈ। ਭਾਰਗਵ ਨੇ ਅਰਥਵਿਵਸਥਾ 'ਚ ਮੰਦੀ ਦੀ ਗੱਲ ਨੂੰ ਖਾਰਜ ਕਰ ਦਿੱਤਾ ਹੈ। ਮਾਰੂਤੀ ਦੇ ਇੱਕ ਅੰਕੜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਉਸ ਬਿਆਨ ਦੇ ਕੁਝ ਦਿਨਾਂ ਬਾਅਦ ਆਏ ਹਨ ਜਿਸ 'ਚ ਉਨ੍ਹਾਂ ਆਰਥਿਕ ਵਿਕਾਸ ਨੂੰ ਲੈ ਕੇ ਹੋ ਰਹੀ ਆਲੋਚਨਾਵਾਂ ਦਾ ਜੁਆਬ ਦਿੰਦੇ ਹੋਏ ਕਿਹਾ ਸੀ ਕਿ ਦੇਸ਼ 'ਚ ਗੱਡੀਆਂ ਦੀ ਸੇਲ ਕਾਫੀ ਤੇਜ਼ੀ ਨਾਲ ਵਧ ਰਹੀ ਹੈ। ਬਤੌਰ ਮੋਦੀ ਇਹ ਚੰਗੇ ਸੰਕੇਤ ਹਨ ਕਿ ਲੋਕ ਗੱਡੀਆਂ ਖਰੀਦ ਰਹੇ ਹਨ। ਕੰਪਨੀ ਨੂੰ ਕਾਰੋਬਾਰੀ ਸਾਲ 2017-18 ਦੀ ਦੂਜੀ ਤਿਮਾਹੀ 'ਚ 2484 ਕਰੋੜ ਰੁਪਏ ਮੁਨਾਫਾ ਹੋਇਆ ਸੀ ਜੋ ਬੀਤੇ ਸਾਲ 2402 ਕਰੋੜ ਮੁਕਾਬਲੇ 3.41 ਫੀਸਦੀ ਵੱਧ ਹੈ।