ਸਿੰਗਾਪੁਰ: ਸਮਾਰਟਫੋਨ ਦੇ ਡੇਟਾ ਨਾਲ ਹੈਕਰ ਪਿਨ ਕੋਡ ਤੇ ਪਾਸਵਰਡ ਦੀ ਜਾਣਕਾਰੀ ਹਾਸਲ ਕਰ ਸਕਦੇ ਹਨ। ਇਹ ਖੁਲਾਸਾ ਭਾਰਤੀ ਮੂਲ ਦੇ ਵਿਗਿਆਨੀ ਸ਼ਿਵਮ ਭਸੀਨ ਵੱਲੋਂ ਕੀਤੀ ਗਈ ਖੋਜ ਵਿੱਚ ਹੋਇਆ ਹੈ। ਸਿੰਗਾਪੁਰ ਵਿਚਲੀ ਨਨਿਆਂਗ ਟੈਕਨਾਲੋਜੀਕਲ ਯੂਨੀਵਰਿਸਟੀ (ਐਨਟੀਯੂ) ਦੇ ਖੋਜਾਰਥੀਆਂ ਦਾ ਕਹਿਣਾ ਹੈ ਕਿ ਸਮਾਰਟਫੋਨ ਵਿਚਲੇ ਜਾਇਰੋਸਕੋਪ ਤੇ ਪ੍ਰੌਕਸੀਮਿਟੀ ਸੈਂਸਰ ਵਿੱਚ ਸੁਰੱਖਿਆ ਨੂੰ ਕਮਜ਼ੋਰ ਕਰਨ ਦੀ ਸਮਰਥਾ ਹੁੰਦੀ ਹੈ।

ਐਲਗੋਰਿਦਮ ਤੇ ਜਾਣਕਾਰੀ ਦੇ ਸੁਮੇਲ ਨੂੰ ਪੜ੍ਹਨ ਵਾਲੀ ਮਸ਼ੀਨ ਦੀ ਵਰਤੋਂ ਕਰਕੇ ਖੋਜਾਰਥੀ ਸਮਾਰਟਫੋਨ ਵਿਚਲੇ ਛੇ ਵੱਖ ਸੈਂਸਰਾਂ ਤੋਂ ਜਾਣਕਾਰੀ ਹਾਸਲ ਕਰਕੇ 99.5 ਫੀਸਦੀ ਤਕ ਐਂਡ੍ਰੌਂਇਡ ਸਮਾਰਟ ਫੋਨਾਂ ਨੂੰ ਅਨਲੌਕ ਕਰਨ ਵਿੱਚ ਸਫ਼ਲ ਰਹੇ ਜਿਨ੍ਹਾਂ ਵਿਚ 50 ਆਮ ਵਰਤੇ ਜਾਣ ਵਾਲੇ ਪਿਨ ਕੋਡਾਂ ਦਾ ਇਸਤੇਮਾਲ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਅਜਿਹੇ ਪਿਨ ਕੋਡਾਂ ਦੀ ਸੁਰੱਖਿਆ ਨੂੰ ਤੋੜਨ ਦੀ ਸਫਲਤਾ ਦਰ 74 ਫੀਸਦੀ ਸੀ ਜੋ ਹੁਣ 99.5 ਫੀਸਦੀ ਹੋ ਗਈ ਹੈ।

ਐਨਟੀਯੂ ਤਕਨੀਕ ਨਾਲ ਚਾਰ ਡਿਜਟ ਪਿਨ ਦੇ 10000 ਸੁਮੇਲਾਂ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ। ਐਨਟੀਯੂ ਦੇ ਸੀਨੀਅਰ ਖੋਜ ਵਿਗਿਆਨੀ ਸ਼ਿਵਮ ਭਸੀਨ ਦੀ ਟੀਮ ਨੇ ਇਹ ਖੁਲਾਸਾ ਕੀਤਾ ਹੈ। ਖੋਜਾਰਥੀਆਂ ਦਾ ਮੰਨਣਾ ਹੈ ਕਿ ਉਨ੍ਹਾਂ ਦੀ ਖੋਜ ਨੇ ਸਮਾਰਟ ਫੋਨਾਂ ਵਿੱਚ ਸੁਰੱਖਿਆ ਦੀ ਵੱਡੀ ਗੜਬੜੀ ਨੂੰ ਸਾਹਮਣੇ ਲਿਆਂਦਾ ਹੈ।