ਚੰਡੀਗੜ੍ਹ: ਦਸੰਬਰ ਮਹੀਨੇ ਲਾਂਚ ਹੋਏ ਸੈਮਸੰਗ ਗੈਲੇਕਸੀ ਏ8 ਸਬੰਧੀ ਸੈਮਸੰਗ ਬ੍ਰਾਜ਼ੀਲ ’ਤੇ ਇਲਜ਼ਾਮ ਲੱਗਾ ਹੈ ਕਿ ਉਸ ਨੇ ਆਪਣੇ ਫਰੰਟ ਕੈਮਰੇ ਦੀ ਪ੍ਰੋਮੋਸ਼ਨ ਲਈ ਕੁਝ ਸਟਾਕ ਫੋਟੋ ਦਾ ਇਸਤੇਮਾਲ ਕੀਤਾ ਸੀ। ਸਟਾਕ ਫੋਟੋ ਨੂੰ ਸੈਮਸੰਗ ਨੇ ਆਪਣੇ ਆਫੀਸ਼ੀਅਲ ਟਵਿੱਟਰ ਅਕਾਊਂਟ ’ਤੇ 2015 ਵਿੱਚ ਪੋਸਟ ਕੀਤਾ ਸੀ। ਇਲਜ਼ਾਮ ਹੈ ਕਿ ਕੰਪਨੀ ਨੇ ਉਨ੍ਹਾਂ ਟਵੀਟਸ ਨੂੰ ਵੀ ਡਿਲੀਟ ਕਰ ਦਿੱਤਾ ਹੈ।

ਫੋਟੋ ਸਬੰਧੀ ਖੁਲਾਸਾ ਹੋਣ ਬਾਅਦ ਸੈਮਸੰਗ ਨੇ ਜਵਾਬ ਦਿੱਤਾ ਕਿ ਫੋਟੋ ਨੂੰ ਇੰਟਰਨਲੀ ਕਿਸੇ ਨੇ ਖਿੱਚਿਆ ਸੀ। ਕੁਝ ਟਵੀਟਸ ਵਿੱਚ ਇਸ ਗੱਲ ਦਾ ਵੀ ਖੁਲਾਸਾ ਹੋਇਆ ਹੈ ਕਿ ਸੈਮਸੰਗ ਗੈਲੇਕਸੀ ਏ8 ਤੋਂ ਇੰਨੀ ਬਿਹਤਰ ਕੁਆਲਿਟੀ ਦੀ ਫੋਟੋ ਨਹੀਂ ਲਈ ਜਾ ਸਕਦੀ।

ਗੈਲੇਕਸੀ ਏ8 ਵਿੱਚ ਡੂਅਲ ਸੈਲਫੀ ਕੈਮਰਾ ਸੈੱਟਅੱਪ ਹੈ ਜੋ 16 MP ਤੇ 8 MP ਸੈਂਸਰ ਨਾਲ ਆਉਂਦਾ ਹੈ। ਦੋਵਾਂ ਸੈਂਸਰਾਂ ਵਿੱਚ ਲਾਈਵ ਫੋਕਸ ਫੀਚਰ ਤੇ ਸੈਲਫ ਪੋਟਰੇਟ ਦੀ ਸੁਵਿਧਾ ਦਿੱਤੀ ਗਈ ਹੈ। ਇਸ ਦੀ ਬੈਕ ਵਿੱਚ 16 MP ਦਾ ਸੈਂਸਰ ਲੱਗਾ ਹੈ। ਸਮਾਰਟਫੋਨ 5.6 ਇੰਚ ਦੀ HD+ ਸੁਪਰ ਇਮੋਲੇਟਿਡ ਡਿਸਪਲੇਅ ਨਾਲ ਲੈਸ ਹੈ। ਇਸ ਵਿੱਚ ਔਕਟਾਕੋਰ SoC ਪ੍ਰੋਸੈਸਰ ਦਿੱਤਾ ਗਿਆ ਹੈ ਜੋ 4 GB RAM ਤੇ 64 GB ਸਟੋਰੇਜ ਨਾਲ ਆਉਂਦਾ ਹੈ।

ਐਂਡਰੌਇਡ ਅਥਾਰਟੀ ਮੁਤਾਬਕ ਇਕੱਲੀ ਸੈਮਸੰਗ ਹੀ ਅਜਿਹੀ ਕਪੰਨੀ ਨਹੀਂ ਜੋ ਗਾਹਕਾਂ ਨੂੰ ਸਟਾਕ ਫੋਟੋਆਂ ਨਾਲ ਗੁਮਰਾਹ ਕਰ ਰਹੀ ਹੈ। ਇਸ ਤੋਂ ਪਹਿਲਾਂ ਸਾਲ 2016 ਵਿੱਚ ਹੁਵਾਵੇ ’ਤੇ ਵੀ ਕੈਨਨ DSLR ਨਾਲ ਲਈ ਫੋਟੋ ਨੂੰ ਹੁਵਾਵੇ P9  ਦੀ ਫੋਟੋ ਦੱਸਣ ਦੀ ਇਲਜ਼ਾਮ ਲੱਗ ਚੁੱਕਾ ਹੈ।