ਨਵੀਂ ਦਿੱਲੀ : ਭਾਰਤ ਵਿੱਚ ਸਭ ਤੋਂ ਜ਼ਿਆਦਾ ਸਮਰਾਟ ਫ਼ੋਨ ਵੇਚਣ ਵਾਲੀ ਕੰਪਨੀ ਸੈਮਸੰਗ ਆਪਣੇ ਗਲੈਕਸੀ- 7 ਸਬੰਧੀ ਮਿਲ ਰਹੀਆਂ ਖ਼ਾਮੀਆਂ ਤੋਂ ਚਿੰਤਤ ਹੈ। ਕੰਪਨੀ ਕਿਸੇ ਵੀ ਸੂਰਤ ਵਿੱਚ ਭਾਰਤੀ ਬਾਜ਼ਾਰ ਵਿੱਚ ਆਪਣੀ ਪਕੜ ਢਿੱਲੀ ਨਹੀਂ ਕਰਨਾ ਚਾਹੁੰਦੀ। ਇਸ ਗੱਲ ਨੂੰ ਦੇਖਦੇ ਹੋਏ ਕੰਪਨੀ ਨੇ ਗਲੈਕਸੀ-7 ਦੀ ਥਾਂ ਗਲੈਕਸੀ ਐਸ-7 ਜਾਂ ਐਸ-7 ਏਜ ਮੁਹੱਈਆ ਕਰਵਾਉਣ ਦਾ ਆਫ਼ਰ ਦਿੱਤਾ ਹੈ। ਕੰਪਨੀ ਨੇ ਸੈਮਸੰਗ ਗਲੈਕਸੀ ਨੋਟ-7 ਭਾਰਤੀ ਬਾਜ਼ਾਰ ਵਿੱਚ 11 ਅਗਸਤ ਨੂੰ ਲਾਂਚ ਕੀਤਾ ਸੀ।

ਪਰ ਇਸ ਫ਼ੋਨ ਵਿੱਚ ਇੱਕ ਤੋਂ ਬਾਅਦ ਇੱਕ ਅੱਗ ਲੱਗਣ ਦੀਆਂ ਘਟਨਾਵਾਂ ਕਾਰਨ ਗ੍ਰਾਹਕ ਹੌਲੀ ਹੌਲੀ ਇਸ ਫ਼ੋਨ ਤੋਂ ਦੂਰ ਹੋ ਗਏ। ਕੰਪਨੀ ਨੇ ਗਲੈਕਸੀ -07 ਦੀ ਵਿੱਕਰੀ ਦੇ ਨਾਲ ਇਸ ਦਾ ਉਤਪਾਦਨ ਵੀ ਬੰਦ ਕਰ ਦਿੱਤਾ ਸੀ।

ਗਲੈਕਸੀ-7 ਦੀ ਬੁਕਿੰਗ ਕਰਵਾਉਣ ਲਈ ਕੰਪਨੀ ਐਸ-7 ਜਾਂ ਐਸ-7 ਏਜ ਲੈਣ ਲਈ ਗ੍ਰਾਹਕਾਂ ਨੂੰ ਈ-ਮੇਲ ਰਾਹੀ ਸੂਚਿਤ ਕਰ ਰਹੀ ਹੈ। ਯਾਦ ਰਹੇ ਕਿ ਕੋਰੀਅਨ ਕੰਪਨੀ ਸੈਮਸੰਗ ਦਾ ਭਾਰਤੀ ਬਾਜ਼ਾਰ ਵਿੱਚ ਚੰਗਾ ਦਬਦਬਾ ਹੈ। ਕੰਪਨੀ ਕਰੀਬ 25 ਫ਼ੀਸਦੀ ਮਾਰਕੀਟ ਸ਼ੇਅਰ ਨਾਲ ਭਾਰਤੀ ਬਾਜ਼ਾਰ ਵਿੱਚ ਪਹਿਲੇ ਸਥਾਨ ਉੱਤੇ ਹੈ।