ਨਵੀਂ ਦਿੱਲੀ: ਪਿਛਲੇ ਮਹੀਨੇ ਦੀਆਂ ਵਿਕਰੀ ਰਿਪੋਰਟਾਂ ਵਿੱਚ ਖੁਲਾਸਾ ਹੋਇਆ ਹੈ ਕਿ ਸੈਮਸੰਗ ਗੈਲਕਸੀ ਐਸ9+ ਦੁਨੀਆ ਦਾ ਸਭ ਤੋਂ ਵੱਧ ਵਿਕਣ ਵਾਲਾ ਸਮਾਰਟਫ਼ੋਨ ਬਣ ਗਿਆ ਹੈ। ਇਤਿਹਾਸ ਵਿੱਚ ਪਹਿਲੀ ਵਾਰ ਸੈਮਸੰਗ ਨੇ ਐਪਲ ਦੀ ਸਰਦਾਰੀ ਖੋਹੀ ਹੈ। ਕਾਊਂਟਰਪੁਆਇੰਟ ਵਿੱਚ ਪ੍ਰਕਾਸ਼ਿਤ ਇਸ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਸੈਮਸੰਗ ਦੇ ਇਸ ਸਮਾਰਟਫ਼ੋਨ ਦੀ ਸਭ ਤੋਂ ਜ਼ਿਆਦਾ ਮੰਗ ਏਸ਼ੀਆ ਪੈਸਿਫਿਕ ਤੇ ਉੱਤਰੀ ਅਮਰੀਕਾ ਵਿੱਚ ਸੀ। ਅਪ੍ਰੈਲ ਮਹੀਨੇ ਵਿੱਚ ਗੈਲੇਕਸੀ ਐਸ9+ ਦੀ ਬਾਜ਼ਾਰ ਵਿੱਚ ਹਿੱਸੇਦਾਰੀ 2.6 ਫ਼ੀਸਦੀ ਦੇਖੀ ਗਈ।
ਸੈਮਸੰਗ ਦਾ ਦਬਦਬਾ
ਉੱਥੇ ਹੀ ਗੈਲੇਕਸੀ ਐਸ9 ਇਸ ਸੂਚੀ ਵਿੱਚ ਦੂਜੇ ਨੰਬਰ ਉਤੇ ਰਿਹਾ ਤੇ 2.3 ਫ਼ੀਸਦੀ ਮਾਰਕਿਟ ਸ਼ੇਅਰ ਨਾਲ ਐਪਲ ਤੀਜੇ ਸਥਾਨ 'ਤੇ ਰਿਹਾ। ਇਹ ਪਹਿਲੀ ਵਾਰ ਹੋਇਆ ਹੈ ਜਦ ਸੈਮਸੰਗ ਦੇ ਕਿਸੇ ਸਮਾਰਟਫ਼ੋਨ ਨੇ ਐਪਲ ਨੂੰ ਪਿੱਛੇ ਛੱਡਿਆ ਹੋਵੇ। ਆਈਫ਼ੋਨ ਐਕਸ ਜਿੱਥੇ ਤੀਜੇ ਸਥਾਨ 'ਤੇ ਰਿਹਾ, ਉੱਥੇ ਦਿਨ-ਬ-ਦਿਨ ਇਸ ਦੀ ਮੰਗ ਵੀ ਘਟ ਰਹੀ ਹੈ। ਮਾਰਚ ਮਹੀਨੇ ਵਿੱਚ ਇਹੋ ਆਈਫ਼ੋਨ ਸਭ ਤੋਂ ਜ਼ਿਆਦਾ ਵਿਕਣ ਵਾਲਾ ਸਮਾਰਟਫ਼ੋਨ ਬਣਿਆ ਸੀ, ਜਿਸ ਦਾ ਮਾਰਕਿਟ ਸ਼ੇਅਰ 3.5 ਫ਼ੀਸਦ ਸੀ।
ਆਈਫ਼ੋਨ ਦੀ ਸਰਦਾਰੀ ਖੁੱਸੀ
ਆਈਫ਼ੋਨ 8 ਤੇ 8+ ਕ੍ਰਮਵਾਰ ਚੌਥੇ ਤੇ ਪੰਜਵੇਂ ਸਥਾਨ ਉਤੇ ਆਏ ਹਨ। ਇਨ੍ਹਾਂ ਸਮਾਰਟਫ਼ੋਨਜ਼ ਦਾ ਬਾਜ਼ਾਰ ਵਿੱਚ ਹਿੱਸਾ ਕ੍ਰਮਵਾਰ 2.3 ਤੇ 2.2 ਫ਼ੀਸਦ ਰਿਹਾ। ਇਸ ਤਰ੍ਹਾਂ ਕਿਹਾ ਜਾ ਸਕਦਾ ਹੈ ਕਿ ਐਪਲ ਦੀ ਸਰਦਾਰੀ ਖੁੱਸ ਗਈ ਹੈ ਪਰ ਐਪਲ ਲਈ ਚੰਗੀ ਗੱਲ ਇਹ ਰਹੀ ਕਿ ਇਸ ਸੂਚੀ ਵਿੱਚ ਆਈਫ਼ੋਨ 6 ਤੇ ਆਈਫ਼ੋਨ 7 ਇਸ ਸੂਚੀ ਵਿੱਚ ਕ੍ਰਮਵਾਰ ਸੱਤਵੇਂ ਤੇ ਨੌਵੇਂ ਸਥਾਨ 'ਤੇ ਰਹੇ।
ਸ਼ਿਓਮੀ ਦੇ ਦੋ ਫ਼ੋਨ ਵੀ ਸ਼ਾਮਲ
ਸ਼ਿਓਮੀ ਦੇ ਸਮਾਰਟਫ਼ੋਨ ਵੀ ਇਸ ਸੂਚੀ ਵਿੱਚ ਸ਼ਾਮਲ ਹੋਏ ਹਨ। ਰੈਡਮੀ 5A ਤੇ ਰੈਡਮੀ 5 ਪਲੱਸ/ਰੈਡਮੀ ਨੋਟ 5 ਛੇਵੇਂ ਤੇ ਅੱਠਵੇਂ ਸਥਾਨ 'ਤੇ 1.5 ਫ਼ੀਸਦ ਤੇ 1.4 ਫ਼ੀਸਦ ਦੇ ਮਾਰਕਿਟ ਸ਼ੇਅਰ ਨਾਲ ਸ਼ਾਮਲ ਹੋਏ ਹਨ। ਇਨ੍ਹਾਂ ਦੋਵਾਂ ਦਾ ਪ੍ਰਦਰਸ਼ਨ ਚੀਨ ਤੇ ਭਾਰਤ ਵਿੱਚ ਬੇਹੱਦ ਚੰਗਾ ਰਿਹਾ ਹੈ।
ਇਸ ਸੂਚੀ ਵਿੱਚ ਐਪਲ ਦੇ ਪੰਜ, ਸੈਮਸੰਗ ਦੇ ਤਿੰਨ ਤੇ ਸ਼ਿਓਮੀ ਦੇ ਦੋ ਫ਼ੋਨ ਸ਼ਾਮਲ ਹਨ। ਬੇਸ਼ੱਕ ਪਹਿਲੇ ਸਥਾਨ ਨਹੀਂ ਪਰ ਦੁਨੀਆ ਭਰ ਵਿੱਚ ਸਭ ਤੋਂ ਵੱਧ ਵਿਕਣ ਵਾਲੇ ਸਮਾਰਟਫ਼ੋਨਜ਼ ਵਿੱਚ ਐੱਪਲ ਦੇ ਪੰਜ ਸਮਾਰਟਫ਼ੋਨ ਸ਼ਾਮਲ ਹੋਣ ਨਾਲ ਬਾਜ਼ਾਰ ਵਿੱਚ ਦਬਦਬਾ ਜ਼ਰੂਰ ਕਾਇਮ ਹੈ।