ਨਵੀਂ ਦਿੱਲੀ: ਮੈਸੇਜਿੰਗ ਐਪ ਵਟਸਐਪ ਯੂਜਰਜ਼ ਦੀ ਪੇਮੈਂਟ ਸਰਵਿਸ ਨਾਲ ਜੁੜਿਆ ਡਾਟਾ ਆਪਣੀ ਪੇਰੈਂਟ ਕੰਪਨੀ ਫੇਸਬੁੱਕ ਨਾਲ ਸਾਂਝਾ ਕਰਦਾ ਹੈ। ਵਟਸਐਪ ਨੇ ਇਹ ਜਾਣਕਾਰੀ ਆਪਣੀ ਅਧਿਕਾਰਤ ਵੈੱਬਸਾਈਟ 'ਤੇ ਦਿੱਤੀ ਹੈ। ਇਸ ਦੇ ਨਾਲ ਹੀ ਵਟਸਐਪ ਨੇ ਇਹ ਵੀ ਸਾਫ ਕਿਹਾ ਹੈ ਕਿ ਇਸ ਜਾਣਕਾਰੀ ਦੀ ਕਿਸੇ ਵੀ ਤਰ੍ਹਾਂ ਕਮਰਸ਼ੀਅਲ ਵਰਤੋਂ ਨਹੀਂ ਹੋਵੇਗੀ।
ਵਟਸਐਪ ਮੁਤਾਬਕ ਜ਼ਰੂਰੀ ਜਾਣਕਾਰੀ ਨੂੰ ਐਨਪੀਸੀਆਈ ਤੇ ਸਾਥੀ ਬੈਂਕਾ ਨਾਲ ਸਾਂਝਾ ਕਰੇਗਾ। ਕੁਝ ਲਿਮਟਿਡ ਡਾਟਾ ਇਸ ਲਈ ਸਾਂਝਾ ਕੀਤਾ ਜਾਵੇਗਾ ਜਿਸ ਨਾਲ ਗਾਹਕ ਨੂੰ ਬੇਹਤਰ ਸੁਵਿਧਾ ਦਿੱਤੀ ਜਾ ਸਕੇ ਤੇ ਪੇਮੈਂਟ ਨੂੰ ਹੋਰ ਵੀ ਸੁਰੱਖਿਅਤ ਬਣਾਇਆ ਜਾ ਸਕੇ।
ਵਟਸਐਪ ਮੁਤਾਬਕ ਜਦੋਂ ਯੂਜ਼ਰ ਕੋਈ ਪੇਮੈਂਟ ਕਰਦਾ ਹੈ ਤਾਂ ਮੈਸੇਜਿੰਗ ਐਪ ਸੈਂਡਰ ਤੇ ਰਿਸੀਵਰ 'ਚ ਜ਼ਰੂਰੀ ਕਨੈਕਸ਼ਨ ਸਥਾਪਤ ਕਰਦਾ ਹੈ। ਇਸ ਕਨੈਕਸ਼ਨ ਲਈ ਵਟਸਐਪ ਫੇਸਬੁੱਕ ਦੇ ਇੰਫ੍ਰਾਸਟ੍ਰੱਕਚਰ ਦੀ ਵਰਤੋਂ ਕਰਦਾ ਹੈ। ਵਟਸਐਪ ਨੇ ਸਾਫ ਕਿਹਾ ਕਿ ਇਸ ਦੌਰਾਨ ਕਿਸੇ ਤਰ੍ਹਾਂ ਦੀ ਵੀ ਗੰਭੀਰ ਤੇ ਸੰਵੇਦਨਸ਼ੀਲ ਜਾਣਕਾਰੀ ਸਟੋਰ ਨਹੀਂ ਹੁੰਦੀ ਜਿਵੇਂ ਯੂਜ਼ਰ ਦਾ ਅਕਾਊਂਟ ਨੰਬਰ, ਓਟੀਪੀ ਤੇ ਡੈਬਿਟ ਕਾਰਡ ਦੀ ਡੀਟੇਲ ਆਦਿ।
ਦੱਸ ਦਈਏ ਕਿ ਪਿਛਲੇ ਹਫਤੇ ਸਰਕਾਰ ਨੇ ਵਟਸਐਪ ਦੇ ਪੇਮੈਂਟ ਫੀਚਰ ਦੇ ਅਧਿਕਾਰਤ ਲਾਂਚ ਤੋਂ ਪਹਿਲਾਂ ਹੀ ਇਸ ਦੀ ਪ੍ਰਾਈਵੇਸੀ ਨੂੰ ਲੈ ਕੇ ਜਾਂਚ ਦੇ ਆਦੇਸ਼ ਦਿੱਤੇ ਸਨ।