ਨਵੀਂ ਦਿੱਲੀ: ਕੋਰਿਆਈ ਕੰਪਨੀ ਸੈਮਸੰਗ ਨੇ ਭਾਰਤ ਵਿੱਚ ਦੁਨੀਆ ਦੀ ਸਭ ਤੋਂ ਵੱਡੀ ਮੋਬਾਈਲ ਨਿਰਮਾਣ ਫੈਕਟਰੀ ਸਥਾਪਤ ਕਰ ਦਿੱਤੀ ਹੈ। ਸੋਮਵਾਰ ਨੂੰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤੇ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਮੂਨ-ਜੇ-ਇਨ ਨੇ ਨੋਇਡਾ ਸਥਿਤ ਇਸ ਕਾਰਖਾਨੇ ਦਾ ਉਦਘਾਟਨ ਕੀਤਾ।
ਦੱਖਣੀ ਕੋਰੀਆ ਦੇ ਰਾਸ਼ਟਰਪਤੀ ਦਾ ਇਹ ਪਹਿਲਾ ਭਾਰਤ ਦੌਰਾ ਹੈ। ਉਨ੍ਹਾਂ ਨਾਲ ਉਨ੍ਹਾਂ ਦੀ ਪਤਨੀ ਕਿਮ ਜੁੰਗ ਸੁਕ, ਕੈਬਨਿਟ ਦੇ ਸੀਨੀਅਰ ਮੈਂਬਰ, ਅਧਿਕਾਰੀ ਤੇ 100 ਸਨਅਤਕਾਰ ਆਏ ਹਨ। ਆਮਿਰ ਖ਼ਾਨ ਦੀ ਦੰਗਲ ਫ਼ਿਲਮ ਵੇਖ ਕੋਰੀਆਈ ਰਾਸ਼ਟਰਪਤੀ ਨੇ ਫ਼ੋਗਾਟ ਪਰਿਵਾਰ ਨੂੰ ਚਾਹ 'ਤੇ ਵੀ ਸੱਦਿਆ ਹੈ।
ਨੋਇਡਾ ਦੇ ਸੈਟਕਰ 81 ਵਿੱਚ ਸਥਿਤ ਇਹ ਪਲਾਂ 35 ਏਕੜ ਵਿੱਚ ਫੈਲਿਆ ਹੋਇਆ ਹੈ, ਜੋ ਤਕਰੀਬਨ 5 ਹਜ਼ਾਰ ਕਰੋੜ ਦੀ ਲਾਗਤ ਨਾਲ ਤਿਆਰ ਹੋਇਆ ਹੈ। ਫਿਲਹਾਲ ਕੰਪਨੀ ਭਾਰਤ ਵਿੱਚ 6.7 ਕਰੋੜ ਸਮਾਰਟਫ਼ੋਨ ਬਣਾਉਂਦੀ ਹੈ ਤੇ ਹੁਣ ਇਸ ਪਲਾਂਟ ਨਾਲ ਕੰਪਨੀ ਦੀ ਨਿਰਮਾਣ ਸਮਰੱਥਾ 12 ਕਰੋੜ ਸਮਾਰਟਫ਼ੋਨ ਹੋ ਜਾਵੇਗੀ।
ਸੈਮਸੰਗ ਨੇ 1990 ਵਿੱਚ ਦੇਸ਼ ਵਿੱਚ ਮੋਬਾਈਲ ਨਿਰਮਾਣ ਦੀ ਪਹਿਲੀ ਯੂਨਿਟ ਸ਼ੁਰੂ ਕੀਤੀ ਸੀ। ਫਿਲਹਾਲ ਕੰਪਨੀ ਦੇ ਦੇਸ਼ ਵਿੱਚ ਦੋ ਨਿਰਮਾਣ ਪਲਾਂਟ ਹਨ। ਇਸ ਤੋਂ ਇਲਾਵਾ ਪੰਜ ਐਚਐਂਡਡੀ ਕੇਂਦਰ ਵੀ ਹਨ। ਦੇਸ਼ ਵਿੱਚ ਕੰਪਨੀ ਦੇ 1.5 ਲੱਖ ਤੋਂ ਜ਼ਿਆਦਾ ਵਿਕਰੀ ਕੇਂਦਰ ਹਨ।
ਕੰਪਨੀ ਦਾ ਸਾਲ 2016-17 ਵਿੱਚ ਮੋਬਾਈਨ ਬਿਜ਼ਨਸ ਤੋਂ 34,400 ਕਰੋੜ ਰੁਪਏ ਦਾ ਮਾਲੀਆ ਰਿਹਾ ਜਦਕਿ ਕੁੱਲ ਵਿਕਰੀ 50,000 ਕਰੋੜ ਰੁਪਏ ਰਹੀ। ਸੈਮਸੰਗ ਰਾਹੀਂ 70,000 ਲੋਕਾਂ ਨੂੰ ਰੁਜ਼ਗਾਰ ਮਿਲਿਆ ਹੋਇਆ ਹੈ। ਇਸ ਨਵੇਂ ਕਾਰਖ਼ਾਨੇ ਨਾਲ ਵਧੇਰੇ ਰੁਜ਼ਗਾਰ ਮਿਲਣ ਦੀ ਆਸ ਹੈ।