ਨਵੀਂ ਦਿੱਲੀ: ਤਕਨੀਕੀ ਦਿੱਗਜ ਸੈਮਸੰਗ ਨੇ ਅੱਜ ਭਾਰਤ ਵਿੱਚ ਆਪਣੇ ਨਵੇਂ ਫਲੈਗਸ਼ਿਪ ਸਮਾਰਟਫ਼ੋਨ ਗੈਲੇਕਸੀ S9 ਤੇ S9 ਪਲੱਸ ਜਾਰੀ ਕਰ ਦਿੱਤਾ ਹੈ। ਇਨ੍ਹਾਂ ਸਮਾਰਟਫ਼ੋਨਜ਼ ਦੇ ਫੀਚਰਜ਼ ਤੋਂ ਲੋਕ ਖਾਸੇ ਪ੍ਰਭਾਵਿਤ ਹਨ ਪਰ ਸਾਰਿਆਂ ਦੀ ਇੱਛਾ ਇਨ੍ਹਾਂ ਦੀ ਕੀਮਤ ਜਾਣਨ ਦੀ ਸੀ।
ਸੈਮਸੰਗ ਨੇ ਗੈਲੇਕਸੀ S9 ਤੇ S9 ਪਲੱਸ ਲੜੀ ਦਾ ਸ਼ੁਰੂਆਤੀ ਮੁੱਲ 57,900 ਰੁਪਏ ਰੱਖਿਆ ਹੈ। ਗੈਲੇਕਸੀ S9 ਦੇ 64 ਜੀ.ਬੀ. ਮਾਡਲ ਦੀ ਕੀਮਤ 57,900 ਰੁਪਏ ਰੱਖੀ ਗਈ ਹੈ ਤੇ 256 ਜੀ.ਬੀ. ਮਾਡਲ 65,900 ਰੁਪਏ ਹੋਵੇਗੀ। ਇਸੇ ਤਰ੍ਹਾਂ ਗੈਲੇਕਸੀ S9 ਪਲੱਸ ਦੇ 64 ਜੀ.ਬੀ. ਵੇਰੀਐਂਟ ਦੀ ਕੀਮਤ 64,900 ਹੋਵੇਗੀ ਤੇ 256 ਜੀ.ਬੀ. ਵੇਰੀਐਂਟ ਦਾ ਮੁੱਲ 72,900 ਰੁਪਏ ਹੈ। ਸੈਮਸੰਗ ਦੇ ਦੋਵੇਂ ਫ਼ੋਨ 16 ਮਾਰਚ ਤੋਂ ਫਲਿੱਪਕਾਰਟ ਤੇ ਸੈਮਸੰਗ ਸਟੋਰ ਤੋਂ ਖਰੀਦੇ ਜਾ ਸਕਦੇ ਹਨ।
ਗੈਲੇਕਸੀ S9 ਤੇ S9 ਪਲੱਸ 'ਚ ਕੀ ਹੈ ਖਾਸ-
ਸੈਮਸੰਗ ਗੈਲਕਸੀ S9 ਸੀਰੀਜ਼ ਸਮਾਰਟਫ਼ੋਨਜ਼ ਦੀ ਖਾਸੀਅਤ ਕੈਮਰਾ ਹੈ। ਕੰਪਨੀ ਦਾ ਦਾਅਵਾ ਹੈ ਕਿ ਇਹ ਸਮਾਰਟਫ਼ੋਨ ਵਿੱਚ ਆਉਣ ਵਾਲਾ ਸਭ ਤੋਂ ਸ੍ਰੇਸ਼ਠ ਕੈਮਰਾ ਹੈ। ਸੈਮਸੰਗ ਗੈਲਕਸੀ S9 ਵਿੱਚ ਪ੍ਰਮੁੱਖ ਕੈਮਰਾ ਇਕਹਿਰੇ ਲੈਂਸ ਨਾਲ ਹੈ ਜਦਕਿ, ਗੈਲਕਸੀ S9+ ਵਿੱਚ ਦੁਹਰੇ ਲੈਂਜ਼ ਹਨ। ਦੋਵਾਂ ਫਲੈਗਸ਼ਿਪ ਫ਼ੋਨਜ਼ ਅੰਦਰ ਮੈਨੂਅਲੀ ਤਬਦੀਲ ਕੀਤਾ ਜਾ ਸਕਣ ਵਾਲਾ ਐਪਰਚਰ ਆਉਂਦਾ ਹੈ, ਜੋ ਕਿਸੇ ਸਮਾਰਟਫ਼ੋਨ ਵਿੱਚ ਪਹਿਲੀ ਵਾਰ ਉਤਾਰਿਆ ਗਿਆ ਹੈ। ਕੰਪਨੀ ਮੁਤਾਬਕ ਠੀਕ-ਠਾਕ ਰੋਸ਼ਨੀ ਵਿੱਚ f/2.4 ਅਪਰਚਰ ਰਹਿੰਦਾ ਹੈ ਜਦਕਿ ਘੱਟ ਰੌਸ਼ਨੀ ਵਿੱਚ ਇਹ ਖ਼ੁਦ-ਬ-ਖ਼ੁਦ f/1.5 ‘ਤੇ ਚਲਾ ਜਾਂਦਾ ਹੈ।
ਸੈਮਸੰਗ ਗੈਲਕਸੀ S9 ਵਿੱਚ 12 ਮੈਗਾਪਿਕਸਲ ਦਾ ਡੂਅਲ ਪਿਕਸਲ ਰੀਅਰ ਕੈਮਰਾ ਹੈ ਤੇ ਗੈਲਕਸੀ S9+ ਵਿੱਚ 12+12 ਮੈਗਾਪਿਕਸਲ ਦੇ ਦੋ ਰੀਅਰ ਕੈਮਰੇ ਦਿੱਤੇ ਗਏ ਹਨ। ਦੋਵੇਂ ਫ਼ੋਨ 960 fps ਦਾ ਵੀਡੀਓ ਰਿਕਾਰਡ ਕਰਦਾ ਹੈ। ਸੈਮਸੰਗ ਗੈਲਕਸੀ S9 ਵਿੱਚ 5.8 ਇੰਚ ਤੇ ਗੈਲਕਸੀ S9+ ਵਿੱਚ 6.2 ਇੰਚ ਦੀ ਸਕ੍ਰੀਨ ਦਿੱਤੀ ਗਈ ਹੈ। ਦੋਵੇਂ ਹੀ ਸਮਾਰਟਫ਼ੋਨਜ਼ ਦੀ ਡਿਸਪਲੇਅ ਦਾ ਰੈਜ਼ੋਲਿਊਸ਼ਨ 2960X1440 ਪਿਕਸਲ ਦਾ ਹੋਵੇਗਾ।
ਸੈਮਸੰਗ ਗੈਲਕਸੀ S9 ਤੇ ਗੈਲਕਸੀ S9+ ਵਿੱਚ ਕੁਆਲਕੌਮ ਸਨੈਪਡ੍ਰੈਗਨ 845 ਪ੍ਰੋਸੈਸਰ ਆਵੇਗਾ। ਹਾਲਾਂਕਿ, ਇਸ ਨੂੰ ਉੱਤਰ ਅਮਰੀਕੀ ਬਾਜ਼ਾਰ ਵਿੱਚ ਉਤਾਰਿਆ ਜਾਵੇਗਾ, ਬਾਕੀ ਥਾਵਾਂ ‘ਤੇ Exynos ਪ੍ਰੋਸੈਸਰ ਆਵੇਗਾ। ਸੈਮਸੰਗ ਗੈਲਕਸੀ S9 ਵਿੱਚ 4 ਜੀ.ਬੀ. ਰੈਮ ਤੇ ਗੈਲਕਸੀ S9+ ਵਿੱਚ 6 ਜੀ.ਬੀ. ਰੈਮ ਦਿੱਤੀ ਜਾਵੇਗੀ। ਦੋਵੇਂ ਸਮਾਰਟਫ਼ੋਨਜ਼ ਵਿੱਚ 64 ਜੀ.ਬੀ. ਦੀ ਇੰਟਰਨਲ ਸਟੋਰੇਜ ਦਿੱਤੀ ਜਾਵੇਗੀ, ਜਿਸ ਨੂੰ ਲੋੜ ਮੁਤਾਬਕ ਵਧਾਇਆ ਜਾ ਸਕੇਗਾ।
ਸੈਮਸੰਗ ਨੇ ਗੈਲਕਸੀ S9 ਵਿੱਚ 3000 mAh ਤੇ ਗੈਲਕਸੀ S9+ ਵਿੱਚ 3,500 mAh ਬੈਟਰੀ ਦਿੱਤੀ ਜਾਵੇਗੀ। ਦੋਵੇਂ ਫ਼ੋਨ IP68 ਪ੍ਰਮਾਣਿਤ ਹਨ, ਯਾਨੀ ਕਿ ਇਹ ਪਾਣੀ ਦੀ ਛੱਲ ਤੇ ਧੂੜ ਤੋਂ ਪ੍ਰਭਾਵਿਤ ਨਹੀਂ ਹੁੰਦੇ।