ਸੈਮਸੰਗ ਨੇ ਅਜਿਹਾ ਸਮਾਰਟਫ਼ੋਨ ਤਿਆਰ ਕੀਤਾ ਹੈ, ਜਿਸ ਦੀ ਸਕਰੀਨ ਵਿਚਾਲਿਓਂ ਮੁੜ ਜਾਂਦੀ ਹੈ। ਇਸ ਫ਼ੋਨ ਨੂੰ ਸਮਾਰਟਫ਼ੋਨ ਤੇ ਟੈਬਲੇਟ ਦੋਵੇਂ ਕੰਮਾਂ ਲਈ ਵਰਤਿਆ ਜਾ ਸਕੇਗਾ। ਕੰਪਨੀ ਦਾ ਇਹ ਪਹਿਲਾ 5G ਸੇਵਾ 'ਤੇ ਕੰਮ ਕਰਨ ਵਾਲਾ ਹੈਂਡਸੈੱਟ ਵੀ ਪੇਸ਼ ਕੀਤਾ ਹੈ।

Samsung Galaxy Fold ਨੂੰ ਕੰਪਨੀ ਨੇ ਬੁੱਧਵਾਰ ਨੂੰ ਦੱਖਣੀ ਕੋਰੀਆ ਵਿੱਚ ਪੇਸ਼ ਕੀਤਾ ਹੈ। ਫ਼ੋਨ ਵਿੱਚ ਤਿੰਨ ਪਿਛਲੇ ਪਾਸੇ ਤੇ ਅਗਲੇ ਪਾਸੇ ਦੋ ਸਮੇਤ ਕੁੱਲ ਛੇ ਕੈਮਰੇ ਹੋਣਗੇ। ਫ਼ੋਨ ਦੀ RAM 12 GB ਤੇ ਸਟੋਰੇਜ 512 GB ਦਿੱਤੀ ਜਾਵੇਗੀ। ਗੈਲੇਕਸੀ ਫੋਲਡ ਨੂੰ ਚਲਾਉਣ ਲਈ 4380 mAh ਸਮਰੱਥਾ ਦੀ ਬੈਟਰੀ ਵਰਤੀ ਜਾਵੇਗੀ।


ਫ਼ੋਨ ਦੀ ਪਹਿਲੀ ਸਕਰੀਨ 4.6 ਇੰਚ ਦੀ ਹੋਵੇਗੀ ਅਤੇ ਇਸ ਨੂੰ ਖੋਲ੍ਹਣ 'ਤੇ ਇਹ 7.3 ਇੰਚ ਸਕਰੀਨ ਵਾਲਾ ਟੈਬਲੇਟ ਵਿੱਚ ਬਦਲ ਜਾਵੇਗਾ। ਕੰਪਨੀ ਮੁਤਾਬਕ ਇਹ ਫ਼ੋਨ 26 ਅਪ੍ਰੈਲ ਤੋਂ ਬਾਜ਼ਾਰ ਵਿੱਚ ਉਪਲਬਧ ਹੋਵੇਗਾ ਅਤੇ ਇਸ ਦੀ ਕੀਮਤ 1980 ਡਾਲਰ ਯਾਨੀ 1,40,867 ਰੁਪਏ ਤੋਂ ਸ਼ੁਰੂ ਹੋਵੇਗੀ।

ਗੈਲੇਕਸੀ ਫੋਲਡ ਆਪਣੀ ਕਿਸਮ ਦਾ ਪਹਿਲਾ ਸਮਾਰਟਫ਼ੋਨ ਹੋਵੇਗਾ, ਜਿਸ ਪ੍ਰਤੀ ਲੋਕਾਂ ਵਿੱਚ ਖਾਸਾ ਉਤਸ਼ਾਹ ਹੈ। ਲੋਕ ਬੇਸਬਰ ਹਨ, ਇੱਕ ਵਿਅਕਤੀ ਨੇ ਸੋਸ਼ਲ ਮੀਡੀਆ 'ਤੇ ਫ਼ੋਨ ਬਦਲੇ ਆਪਣੀ ਜ਼ਮੀਨ ਵੇਚਣ ਦਾ ਵੀ ਐਲਾਨ ਕੀਤਾ ਹੈ ਤੇ ਕਈ ਇਸ ਮਗਰੋਂ ਆਈਫ਼ੋਨ ਤੋਂ ਦੂਰ ਹੋਣ ਦਾ ਦਾਅਵਾ ਕਰ ਰਹੇ ਹਨ।