ਨਵੀਂ ਦਿੱਲੀ: ਇੰਟਰਨੈੱਟ ਦੀ ਦੁਨੀਆ ਅੱਜਕਲ੍ਹ ਡੇਟਾ ਚੋਰੀ ਤੇ ਯੂਜ਼ਰ ਦੀ ਨਿੱਜੀ ਜਾਣਕਾਰੀ ਨੂੰ ਲੈ ਕੇ ਪ੍ਰੇਸ਼ਾਨੀ ਦੇ ਦੌਰ ’ਚੋਂ ਗੁਜ਼ਰ ਰਹੀ ਹੈ। ਅਜਿਹਾ ਹੀ ਇੱਕ ਮਾਮਲਾ ਵੱਟਸਐਪ ਵਰਤਣ ਵਾਲਿਆਂ ਨੂੰ ਪ੍ਰੇਸ਼ਾਨ ਕਰ ਸਕਦਾ ਹੈ।

ਮਲਵੇਅਰ ਬਾਈਟਸ ਦੀ ਰਿਪੋਰਟ ਮੁਤਾਬਕ ਵੱਟਸਐਪ ਦਾ ਜਾਅਲੀ ਵਰਜਨ ਇੰਟਰਨੈੱਟ ’ਤੇ ਵਾਇਰਲ ਹੋ ਰਿਹਾ ਹੈ ਜਿਸ ਦਾ ਨਾਮ ਵੱਟਸਐਪ ਪਲੱਸ ਹੈ। ਇਹ ਇੱਕ ਤਰ੍ਹਾਂ ਦਾ ਮੈਲੇਸ਼ੀਅਸ (ਡੇਟਾ ਨੂੰ ਨੁਕਸਾਨ ਪਹੁੰਚਾਉਣ ਵਾਲਾ) ਪ੍ਰੋਗਰਾਮ ਹੈ ਜੋ ਯੂਜ਼ਰ ਦੇ ਨਿੱਜੀ ਡੇਟਾ ਨੂੰ ਕੰਟਰੋਲ ਕਰਨਾ ਸ਼ੁਰੂ ਕਰ ਦਿੰਦਾ ਹੈ। ਖ਼ਾਸ ਗੱਲ ਇਹ ਹੈ ਕਿ ਇਹ ਐਪ ਗੂਗਲ ਪਲੇਅ ਸਟੋਰ ’ਤੇ ਤਾਂ ਉਪਲੱਬਧ ਨਹੀਂ ਪਰ ਇਸ ਦਾ ਏਪੀਕੇ ਲਿੰਕ ਇੰਟਰਨੈੱਟ ’ਤੇ ਵਾਇਰਲ ਹੈ।

ਇਸ ਲਿੰਕ ਜ਼ਰੀਏ ਵੱਟਸਐਪ ਐਪ ਇੰਸਟਾਲ ਕਰਨ ਉੱਤੇ ਸਕਰੀਨ ’ਤੇ ਵੱਟਸਐਪ ਦਾ ਲੋਗੋ ਸੁਨਿਹਰੀ ਰੰਗ ’ਚ ਨਜ਼ਰ ਆਉਂਦਾ ਹੈ। ਇਸ ’ਤੇ ‘Agree and continue’ ਦਾ ਵਿਕਲਪ ਹੋਵੇਗਾ ਜਿਸ ’ਤੇ ਕਲਿੱਕ ਕਰਦਿਆਂ ਲਿੰਕ ਐਪ ਦੇ ਅਪਡੇਟ ਪੇਜ ’ਤੇ ਪਹੁੰਚ ਜਾਵੇਗਾ। ਇਸ ਪਿੱਛੋਂ ਜਾਅਲੀ ਵੱਟਸਐਪ ਰਾਹੀਂ ਇਹ ਲਿੰਕ ਨੂੰ ਡੇਟਾ ਸਬੰਧਤ ਹਾਨੀਕਾਰਕ ਪੇਜ ’ਤੇ ਲੈ ਜਾਵੇਗਾ ਜਿੱਥੇ ਅਰਬੀ ਭਾਸ਼ਾ ਵਿੱਚ ਕੁਝ ਲਿਖਿਆ ਨਜ਼ਰ ਆਉਂਦਾ ਹੈ।

ਇਸ ਨਾਲ ਯੂਜ਼ਰ ਦਾ ਨਿੱਜੀ ਡੇਟਾ ਨੁਕਸਾਨਿਆ ਜਾਂਦਾ ਹੈ। ਜੇ ਤੁਸੀਂ ਅਜਿਹਾ ਵੱਟਸਐਪ ਆਪਣੇ ਫ਼ੋਨ ’ਚ ਇੰਸਟਾਲ ਕੀਤਾ ਹੈ ਤਾਂ ਉਸ ਨੂੰ ਤੁਰੰਤ ਅਨਇੰਸਟਾਲ ਕਰਨ ਵਿੱਚ ਹੀ ਭਲਾਈ ਹੈ।