ਆਟੋਮੈਟਿਡ ਟੈਲਰ ਮਸ਼ੀਨ ਵਿੱਚ ਵੱਡਾ ਬਦਲਾਅ ਹੋਣ ਵਾਲਾ ਹੈ ਜੋ ਤੁਹਾਡੇ ਏ.ਟੀ.ਐਮ. ਨੂੰ ਹੋਰ ਵੀ ਜ਼ਿਆਦਾ ਸਮਾਰਟ ਬਣਾ ਦੇਵੇਗਾ। ਛੇਤੀ ਹੀ ਦੇਸ਼ ਭਰ ਵਿੱਚ ਸਮਾਰਟ ਏ.ਟੀ.ਐਮ. ਆਉਣ ਵਾਲਾ ਹੈ, ਜਿਸ ਨਾਲ ਬੈਂਕਿੰਗ ਓਨੀ ਹੀ ਆਸਾਨ ਹੋ ਜਾਵੇਗੀ ਜਿਵੇਂ ਸਮਾਰਟਫ਼ੋਨ ਚਲਾਉਣਾ ਹੋਵੇ। ਹੁਣ ਤੁਹਾਨੂੰ ਪੈਸੇ ਜਮ੍ਹਾਂ ਕਰਵਾਉਣ ਜਾਂ ਕਢਵਾਉਣ ਲਈ ਬੈਂਕ ਤੇ ਏ.ਟੀ.ਐਮ. ਦੇ ਚੱਕਰ ਨਹੀਂ ਲਾਉਣੇ ਹੋਣਗੇ। ਸਮਾਰਟਫ਼ੋਨ, ਟੈਬਲੇਟ ਦੀ ਵਰਤੋਂ ਕਰਨ ਵਾਲੀ ਨੌਜਵਾਨ ਪੀੜ੍ਹੀ ਲਈ ਇਹ ਏ.ਟੀ.ਐਮ. ਕਾਫੀ ਖਾਸ ਹੋਣਗੇ। ਸਮਾਰਟ ਏ.ਟੀ.ਐਮ. ਵਿੱਚ ਬਟਨਾਂ ਦੀ ਵਰਤੋਂ ਨਾਂ ਮਾਤਰ ਹੈ। ਇਹ ਏ.ਟੀ.ਐਮ. ਟਚ ਸਕ੍ਰੀਨ ਰਾਹੀਂ ਚਲੇਗਾ। ਇਸ ਸਮਾਰਟ ਏ.ਟੀ.ਐਮ. ਵਿੱਚ ਖਾਤਾ ਧਾਰਕ ਆਪਣੀ ਪ੍ਰੋਫਾਈਲ ਬਣਾ ਸਕਦਾ ਹੈ। ਆਪਣੀ ਪਸੰਦ ਦਾ ਰੰਗ ਜਾਂ ਵਾਲ ਪੇਪਰ ਤੇ ਆਪਣੀ ਫ਼ੋਟੋ ਵੀ ਲਾ ਸਕੇਗਾ। ਇਸ ਏ.ਟੀ.ਐਮ. ਵਿੱਚ ਸੁਰੱਖਿਆ ਦੇ ਲਿਹਾਜ ਨਾਲ ਕਈ ਫੀਚਰਜ਼ ਹਨ। ਏ.ਟੀ.ਐਮ. ਪਿੰਨ ਬਟਨ ਦੀ ਜਗ੍ਹਾ ਘੱਟ ਕੀਤੀ ਗਈ ਹੈ ਜਿਸ ਨਾਲ ਏ.ਟੀ.ਐਮ. ਕਲੋਨਿੰਗ ਜਾਂ ਲੁਕੇ ਹੋਏ ਕੈਮਰੇ ਲਾਉਣ ਦੀ ਸੰਭਾਵਨਾ ਨਾ ਦੇ ਬਰਾਬਰ ਹੈ। ਮੌਜੂਦਾ ਏ.ਟੀ.ਐਮ. ਵਿੱਚ ਇੱਕ ਕੈਮਰਾ ਹੁੰਦਾ ਹੈ ਜੋ ਵਰਤਣ ਵਾਲੇ ਦੀਆਂ ਗਤੀਵਿਧੀਆਂ ਰਿਕਾਰਡ ਕਰਦਾ ਹੈ, ਪਰ ਸਮਾਰਟ ਏ.ਟੀ.ਐਮ. ਵਿੱਚ ਉਸ ਜਗ੍ਹਾ ਵੀ ਕੈਮਰਾ ਹੋਵੇਗਾ ਜਿੱਥੋਂ ਨੋਟ ਬਾਹਰ ਆਉਣਗੇ। ਇਸ ਨਾਲ ਬੈਂਕ ਕੋਲ ਇਹ ਰਿਕਾਰਡ ਰਹੇਗਾ ਕਿ ਕਿੰਨੇ ਪੈਸੇ ਕਢਵਾਏ ਗਏ ਤੇ ਕਿੰਨੇ ਪੈਸੇ ਕਢਵਾਉਣ ਵਾਲੇ ਵਿਅਕਤੀ ਨੂੰ ਮਿਲੇ। ਇਸ ਸਮਾਰਟ ਏ.ਟੀ.ਐਮ. ਦੀ ਕੀਮਤ ਤਕਰੀਬਨ 3 ਲੱਖ ਰੁਪਏ ਹੈ ਜਦਕਿ ਪੈਸੇ ਜਮ੍ਹਾ ਕਰਨ ਵਾਲੇ ਏ.ਟੀ.ਐਮ. ਦੀ ਕੀਮਤ 6 ਲੱਖ ਰੁਪਏ ਹੈ। ਇਹ ਸਮਾਰਟ ਏ.ਟੀ.ਐਮ. ਕਿਸ਼ਤਾਂ ਯਾਨੀ ਈ.ਐਮ.ਆਈ. ਸਬੰਧੀ ਸਾਰੀਆਂ ਜਾਣਕਾਰੀਆਂ ਵੀ ਉਪਲਬਧ ਕਰਵਾਏਗਾ।