ਮੁੰਬਈ: ਸਾਲ 2017 ਜੇਕਰ ਦੋਹਰੇ ਕੈਮਰਿਆਂ ਤੇ ਲੰਮਾ ਸਮਾਂ ਚੱਲਣ ਵਾਲੀਆਂ ਬੈਟਰੀਆਂ ਵਾਲੇ ਮੋਬਾਈਲ ਫੋਨਾਂ ਦਾ ਰਿਹਾ ਤੇ ਹੁਣ ਉਮੀਦ ਕੀਤੀ ਜਾ ਰਹੀ ਹੈ ਕਿ ਸਾਲ 2018 ਵੱਡੀਆਂ ਸਕਰੀਨਾਂ ਤੇ ਚਿਹਰਾ ਦੇਖ ਕੇ ਪਛਾਣ ਕਰਨ ਯਾਨੀ ਫੇਸ ਅਨਲੌਕ ਤਕਨੀਕ ਤੇ ਕਾਲਪਨਿਕ ਚੀਜ਼ਾਂ ਨੂੰ ਯਥਾਰਥਤਕਾ ਨਾਲ ਪੇਸ਼ ਕਰਨ ਦੀ ਤਕਨੀਕ ਨਾਲ ਲੈਸ ਫੋਨਾਂ ਦਾ ਹੋਵੇਗਾ। ਦੂਜੇ ਸ਼ਬਦਾਂ 'ਚ 2018 ਵਿੱਚ ਸਮਾਰਟ ਫੋਨ ਹੋਰ ਵੱਡੇ, ਹਲਕੇ ਤੇ ਵਧੇਰੇ ਸਮਾਰਟ ਹੋ ਜਾਣਗੇ, ਕਿਉਂਕਿ 2017 ਪਹਿਲਾਂ ਹੀ ਨਵੀਆਂ ਕਾਢਾਂ ਦਾ ਰੁਝਾਨ ਪੈਦਾ ਕਰ ਚੁੱਕਾ ਹੈ। 2017 ਦੌਰਾਨ 4 ਜੀ ਸੇਵਾਵਾਂ ਸ਼ੁਰੂ ਹੋ ਗਈਆਂ ਤਾਂ 2018 ਵਿੱਚ 5G ਸੇਵਾ ਸ਼ੁਰੂ ਹੋਣ ਦੀ ਵੀ ਆਸ ਹੈ। ਸਾਲ 2017 ਵਿੱਚ ਮੋਬਾਈਲ ਫੋਨਾਂ ਦੀ ਵਰਤੋਂ ਗੱਲਬਾਤ ਲਈ ਘੱਟ ਤੇ ਹੋਰਨਾਂ ਨਿੱਜੀ ਜ਼ਰੂਰਤਾਂ ਜਿਵੇਂ, ਫ਼ਿਲਮਾਂ ਦੇਖਣ, ਸੰਗੀਤ ਸੁਣਨ, ਐਪਸ ਤੇ ਚੰਗੀਆਂ ਤਸਵੀਰਾਂ ਲਈ ਵੱਧ ਵਰਤਿਆ ਗਿਆ। ਫੋਨ ਬਣਾਉਣ ਵਾਲੀਆਂ ਕੰਪਨੀਆਂ ਸਾਰਾ ਸਾਲ ਆਪਣੇ ਮਾਡਲਾਂ ’ਚ ਤਬਦੀਲੀ ਲਿਆਉਂਦੀਆਂ ਰਹੀਆਂ ਤੇ ਵੱਖ ਵੱਖ ਕੀਮਤਾਂ ’ਤੇ ਆਪਣੇ ਮਾਡਲ ਬਾਜ਼ਾਰ ਵਿੱਚ ਉਤਾਰਦੀਆਂ ਰਹੀਆਂ। ਐਪਲ, ਸੈਮਸੰਗ, ਮਾਈਕਰੋਮੈਕਸ ਤੇ ਵੀਵੋ ਵਰਗੀਆਂ ਕੰਪਨੀਆਂ ਨੇ ਗਾਹਕਾਂ ਨੂੰ ਚੰਗੇ ਤਜਰਬੇ ਦਾ ਵਾਅਦਾ ਕਰਕੇ ਮੋਬਾਈਲ ਫੋਨ ਲਾਂਚ ਕੀਤੇ। ਮੋਬਾਈਲ ਡੇਟਾ ਦੇ ਲਿਹਾਜ਼ ਨਾਲ ਭਾਰਤੀ ਗਾਹਕ ਇਸ ਸਮੇਂ ਦੁਨੀਆਂ ਵਿੱਚ ਅੱਵਲ ਹਨ ਅਤੇ ਇਸ ਮੋਬਾਈਲ ਬਣਾਉਣ ਵਾਲੀਆਂ ਕੰਪਨੀਆਂ ਲਈ ਇੱਕ ਵੱਡਾ ਤੱਥ ਹੈ ਜਿਸ ’ਤੇ ਉਹ ਧਿਆਨ ਦੇ ਰਹੀਆਂ ਹਨ। ਚੀਨੀ ਤੇ ਘਰੇਲੂ ਕੰਪਨੀਆਂ ਇਸ ਦਿਸ਼ਾ ਵੱਲ ਪਹਿਲਕਦਮੀ ਕਰ ਰਹੀਆਂ ਹਨ ਤਾਂ ਜੋ ਉਹ ਵੱਧ ਤੋਂ ਵੱਧ ਗਾਹਕਾਂ ਤੱਕ ਪਹੁੰਚ ਸਕਣ।