ਨਵੀਂ ਦਿੱਲੀ: ਈ-ਕਾਮਰਸ ਸੈਕਟਰ ਦੀ ਦੋ ਦਿੱਗਜ਼ ਕੰਪਨੀਆਂ ਸਨੈਪਡੀਲ ਤੇ ਫਲਿਪਕਾਰਟ ਦੀਵਾਲੀ ਦੇ ਤਿਉਹਾਰਾਂ ਦੇ ਮੌਸਮ ਨੂੰ ਵੇਖਦਿਆਂ ਬਿਲਕੁਲ ਆਹਮੋ-ਸਾਹਮਣੇ ਆ ਗਈਆਂ ਹਨ। ਸਨੈਪਡੀਲ 2 ਅਕਤੂਬਰ ਤੋਂ ਆਪਣੀ 'ਅਨਬਾਕਸ ਦੀਵਾਲੀ ਸੇਲ' ਸ਼ੁਰੂ ਕਰ ਰਹੀ ਹੈ, ਜਦਕਿ ਇਸ ਦਿਨ ਹੀ ਫਲਿਪਕਾਰਟ ਵੀ ਆਪਣੀ ਤਿਉਹਾਰੀ ਛੂਟ ਪੇਸ਼ ਕਰੇਗੀ।

ਸਨੈਪਡੀਲ ਨੇ ਇੱਕ ਬਿਆਨ ਵਿੱਚ ਕਿਹਾ ਕਿ ਉਸ ਦੀ ਪਹਿਲੀ 'ਅਨਬਾਕਸ ਦੀਵਾਲੀ ਸੇਲ' 2 ਤੋਂ 6 ਅਕਤੂਬਰ ਤੱਕ ਚਲੇਗੀ। ਇਸ ਤਹਿਤ ਘਰੇਲੂ ਉਪਕਰਨ, ਇਲੈਕਟ੍ਰਾਨਿਕਸ, ਮੋਬਾਈਲ, ਹੋਮ ਫਰਨਿਸ਼ਿੰਗ ਸਮੇਤ ਤਕਰੀਬਨ ਸਾਰੇ ਖੇਤਰਾਂ ਵਿੱਚ ਕਈ ਤਰ੍ਹਾਂ ਦੀ ਛੂਟ ਦਿੱਤੀ ਜਾਵੇਗੀ। ਕੰਪਨੀ ਨੇ ਕਿਹਾ ਕਿ ਗਾਹਕਾਂ ਕੋਲ ਹਰ ਘੰਟੇ ਮਿਲਣ ਵਾਲੇ ਵਿਸ਼ੇਸ਼ ਆਫਰ ਵੀ ਹੋਣਗੇ ਤੇ ਉਨ੍ਹਾਂ ਨੂੰ ਵਿਸ਼ੇਸ਼ ਉਤਪਾਦਾਂ 'ਤੇ 70 ਫੀਸਦੀ ਤੱਕ ਛੂਟ ਵੀ ਮਿਲੇਗੀ।

ਗੌਰਤਲਬ ਹੈ ਕਿ ਫਲਿਪਕਾਰਟ ਵੀ ਆਪਣੀ 'ਬਿੱਗ ਬਿਲੀਅਨ ਡੇਜ਼' ਸੇਲ ਨੂੰ ਇਸ ਹੀ ਸਮੇਂ ਵਿੱਚ ਪੇਸ਼ ਕਰ ਰਿਹਾ ਹੈ। ਜਦਕਿ ਅਮੇਜ਼ਨ ਵੱਲੋਂ ਹਾਲੇ ਆਪਣੀ ਸੇਲ ਬਾਰੇ ਐਲਾਨ ਕਰਨਾ ਬਾਕੀ ਹੈ। ਮਾਹਰਾਂ ਮੁਤਾਬਕ, ਉਦਯੋਗਿਕ ਵਿਭਾਗ ਵੱਲੋਂ ਈ-ਕਾਮਰਸ ਕੰਪਨੀਆਂ ਨੂੰ ਜਾਰੀ ਕੀਤੇ ਗਏ ਦਿਸ਼ਾ-ਨਿਰਦੇਸ਼ਾਂ ਦੀ ਵਜ੍ਹਾ ਨਾਲ ਇਸ ਸਾਲ ਦੀ ਸੇਲ ਪ੍ਰਭਾਵਿਤ ਹੋਵੇਗੀ।

ਕਾਬਲੇਗ਼ੌਰ ਹੈ ਕਿ ਵਿਭਾਗ ਨੇ ਈ-ਕਾਮਰਸ ਕੰਪਨੀਆਂ ਨੂੰ ਇੱਕ ਸੀਮਾ ਤੱਕ ਹੀ ਉਤਪਾਦਾਂ 'ਤੇ ਡਿਸਕਾਉਂਟ ਦੇਣ ਦੇ ਨਿਰਦੇਸ਼ ਦਿੱਤੇ ਹਨ। ਮੰਨਿਆ ਜਾ ਰਿਹਾ ਹੈ ਕਿ ਇਸ ਦਾ ਅਸਰ ਈ-ਕਾਮਰਸ ਕੰਪਨੀਆਂ ਦੇ ਤਿਉਹਾਰਾਂ ਦੇ ਸਮੇਂ ਦਿੱਤੇ ਜਾਣ ਵਾਲੇ ਆਫਰਜ਼ `ਤੇ ਪੈ ਸਕਦਾ ਹੈ।