ਸੋਸ਼ਲ ਮੀਡੀਆ ਦੇ ਇਸ ਇਸ਼ਤਿਹਾਰ ਤੋਂ ਬਚੋਂ, ਨਹੀਂ ਹੋਵੇਗਾ ਵੱਡਾ ਨੁਕਸਾਨ...
ਏਬੀਪੀ ਸਾਂਝਾ | 25 Sep 2017 10:21 AM (IST)
ਚੰਡੀਗੜ੍ਹ: ਪੰਜਾਬ ਪੁਲਸ ਨੇ ਸੋਸ਼ਲ ਮੀਡੀਆ ਉੱਤੇ ਭਰਤੀ ਲਈ ਦਿੱਤੇ ਗਏ ਜਾਅਲੀ ਇਸ਼ਤਿਹਾਰ ਰਾਹੀਂ ਲੋਕਾਂ ਤੇ ਸਰਕਾਰ ਨੂੰ ਧੋਖਾ ਦੇਣ ਦੇ ਮਾਮਲੇ ਵਿੱਚ ਅਣਪਛਾਤੇ ਲੋਕਾਂ ਖਿਲਾਫ ਧੋਖਾਦੇਹੀ ਦਾ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਸੰਬੰਧ ਵਿੱਚ ਪੰਜਾਬ ਪੁਲਸ ਦੇ ਬੁਲਾਰੇ ਨੇ ਦੱਸਿਆ ਕਿ ਪੁਲਸ ਦੀਆਂ ਖਾਲੀ ਆਸਾਮੀਆਂ ਦਾ ਇਸ਼ਤਿਹਾਰ ਜਾਰੀ ਕਰਨ ਬਾਰੇ ਇੱਕ ਨਕਲੀ ਪੋਸਟ ਸੋਸ਼ਲ ਮੀਡੀਆ ‘ਤੇ ਚੱਲ ਰਿਹਾ ਹੈ, ਜਿਸ ਦਾ ਮਕਸਦ ਨੌਜਵਾਨਾਂ ਤੋਂ ਜਾਅਲਸਾਜ਼ੀ ਰਾਹੀਂ ਪੈਸਾ ਕਮਾਉਣਾ ਤੇ ਸਰਕਾਰ ਨੂੰ ਧੋਖਾ ਦੇਣਾ ਹੈ। ਬੁਲਾਰੇ ਨੇ ਸਪੱਸ਼ਟ ਕੀਤਾ ਕਿ ਪੰਜਾਬ ਪੁਲਸ ਹਮੇਸ਼ਾ ਭਰਤੀ ਲਈ ਜਨਤਕ ਇਸ਼ਤਿਹਾਰ ਜਾਰੀ ਕਰਦੀ ਹੈ ਤੇ ਭਰਤੀ ਦੀ ਸੂਚਨਾ ਨੂੰ ਆਪਣੇ ਵੈਬ ਪੋਰਟਲ ਉੱਤੇ ਵੀ ਪੇਸ਼ ਕਰਂਦੀ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਮੌਜੂਦਾ ਸਾਲ ਲਈ ਕਿਸੇ ਵੀ ਕਾਡਰ ਦੀ ਭਰਤੀ ਜਾਂ ਰੁਜ਼ਗਾਰ ਲਈ ਪੰਜਾਬ ਪੁਲਸ ਵੱਲੋਂ ਅਜਿਹਾ ਕੋਈ ਵੀ ਇਸ਼ਤਿਹਾਰ ਜਾਂ ਸੂਚਨਾ ਜਾਰੀ ਨਹੀਂ ਕੀਤੀ ਗਈ। ਬੁਲਾਰੇ ਨੇ ਲੋਕਾਂ ਨੂੰ ਇਹੋ ਜਿਹੇ ਧੋਖਾਦੇਹੀ ਵਾਲੇ ਸੰਦੇਸ਼ਾਂ ਜਾਂ ਸੋਸ਼ਲ ਮੀਡੀਆ ‘ਤੇ ਚਲਦੀਆਂ ਪੋਸਟਾਂ ਨੂੰ ਅਣਡਿੱਠ ਕਰਨ ਦੀ ਤਾਕੀਦ ਕਰਦਿਆਂ ਕਿਹਾ ਕਿ ਜੇ ਕੋਈ ਵਿਅਕਤੀ ਪੁਲਸ ਵਿੱਚ ਅਜਿਹੇ ਕਿਸੇ ਰੁਜ਼ਗਾਰ ਜਾਂ ਭਰਤੀ ਦਾ ਦਾਅਵਾ ਜਾਂ ਵਾਅਦਾ ਕਰਦਾ ਹੈ ਤਾਂ ਉਸ ਦੇ ਖਿਲਾਫ ਨਜ਼ਦੀਕੀ ਥਾਣੇ ਜਾਂ ਕਿਸੇ ਵੀ ਨੇੜਲੇ ਪੁਲਸ ਅਧਿਕਾਰੀ ਨੂੰ ਸੂਚਿਤ ਕੀਤਾ ਜਾਵੇ।