ਕੀਵ: ਸਮਾਰਟ ਫ਼ੋਨ ਦੀ ਦੀਵਾਨੀ ਤਾਂ ਸਾਰੀ ਦੁਨੀਆ ਹੈ ਪਰ ਜੋ ਦੀਵਾਨਗੀ ਐੱਪਲ ਦੇ ਆਈਫੋਨਜ਼ ਲਈ ਦੇਖੀ ਜਾਂਦੀ ਹੈ, ਉਸ ਦਾ ਕੋਈ ਜਵਾਬ ਨਹੀਂ ਹੈ। ਆਈ ਫ਼ੋਨ ਲੈਣਾ ਹਰ ਨੌਜਵਾਨ ਦਾ ਖ਼ੁਆਬ ਹੁੰਦਾ ਹੈ ਅਤੇ ਇਸੇ ਖ਼ੁਆਬ ਨੂੰ ਪੂਰਾ ਕਰਨ ਲਈ ਯੁਕਰੇਨ ਦਾ ਇੱਕ ਸਟੋਰ ਅਨੋਖਾ ਆਫ਼ਰ ਦੇ ਰਿਹਾ ਹੈ। ਇੱਥੇ ਇੱਕ ਫ਼ੋਨ ਰਿਟੇਲਰ ਮੁਫ਼ਤ ਵਿਚ ਆਈ ਫ਼ੋਨ 7 ਦੇ ਰਿਹਾ ਹੈ ਅਤੇ ਇਸ ਲਈ ਸ਼ਰਤ ਹੈ ਕਿ ਤੁਹਾਨੂੰ ਆਪਣਾ ਨਾਂ ਬਦਲ ਕੇ 'ਆਈ ਫ਼ੋਨ 7' ਰੱਖਣਾ ਪਵੇਗਾ।

ਯੁਕਰੇਨ ਦੀ ਸਭ ਤੋਂ ਵੱਡੀ ਮੋਬਾਈਲ ਫ਼ੋਨ ਰਿਟੇਲਰ ਕੰਪਨੀ 'Allo.ua' ਨੇ ਇਹ ਅਨੋਖਾ ਮੁਕਾਬਲਾ ਸ਼ੁਰੂ ਕੀਤਾ ਹੈ। ਕੰਪਨੀ ਨੇ ਲੋਕਾਂ ਨੂੰ ਕਿਹਾ ਹੈ ਕਿ ਕਾਨੂੰਨੀ ਤੌਰ 'ਤੇ ਉਹ ਆਪਣੇ ਪਹਿਲੇ ਨਾਂ ਨੂੰ ਬਦਲ ਕੇ 'ਆਈ ਫ਼ੋਨ' ਅਤੇ ਆਖ਼ਰੀ ਨਾਂ ਨੂੰ ਬਦਲ ਕੇ '7' ਰੱਖਦੇ ਹਨ ਤਾਂ ਉਨ੍ਹਾਂ ਨੂੰ ਐੱਪਲ ਦਾ ਇਹ ਨਵਾਂ ਫ਼ੋਨ ਮੁਫ਼ਤ ਵਿਚ ਦਿੱਤਾ ਜਾਵੇਗਾ। ਇਸ ਲਈ ਮੁਕਾਬਲੇਬਾਜ਼ਾਂ ਨੂੰ ਅਧਿਕਾਰਤ ਤੌਰ 'ਤੇ ਆਪਣਾ ਨਾਂ ਬਦਲਣ ਲਈ ਸਟੇਟ ਰਜਿਸਟਰੀ ਆਫ਼ ਸਿਵਲ ਸਟੇਟਸ ਐਕਟਸ ਵਿਚ ਜਾ ਕੇ ਅਪਲਾਈ ਵੀ ਕਰਨਾ ਪਵੇਗਾ। ਉੱਥੇ ਨਵੇਂ ਨਾਂ ਦੀ ਆਈ. ਡੀ. ਜਾਰੀ ਹੋਣ ਤੋਂ ਬਾਅਦ ਉਸ ਆਈ. ਡੀ. ਦੇ ਨਾਲ ਸੈਲਫੀ ਲੈ ਕੇ ਕੰਪਨੀ ਨੂੰ ਭੇਜਣੀ ਪਵੇਗੀ।

ਨਾਮ ਪਰਿਵਰਤਨ ਹੋਣ ਤੋਂ ਬਾਅਦ ਇਸ ਨੂੰ ਪੁਸ਼ਟੀ ਲਈ ਭੇਜਿਆ ਜਾਵੇਗਾ। ਅਜਿਹਾ ਕਰਨ ਵਿਚ ਸਫਲ ਹੋਣ ਵਾਲੇ ਪਹਿਲੇ ਪੰਜ ਲੋਕਾਂ ਨੂੰ 32 ਜੀਬੀ ਦਾ ਆਈ ਫ਼ੋਨ 7 ਮੁਫ਼ਤ ਦਿੱਤਾ ਜਾਵੇਗਾ। ਇਹ ਮੁਕਾਬਲਾ ਕੰਪਨੀ ਨੇ 17 ਅਕਤੂਬਰ ਤੋਂ ਸ਼ੁਰੂ ਕੀਤਾ ਹੈ ਅਤੇ ਇਹ ਇੱਕ ਮਾਰਚ, 2017 ਤੱਕ ਚੱਲੇਗਾ। ਜੇਕਰ ਤੁਸੀਂ ਯੁਕਰੇਨ ਵਿਚ ਰਹਿੰਦੇ ਹੋ ਤੇ ਆਈ ਫ਼ੋਨ 7 ਲਈ ਦੀਵਾਨੇ ਹੋ ਤਾਂ ਇਹ ਮੁਕਾਬਲਾ ਤੁਹਾਡਾ ਸੁਪਨਾ ਪੂਰਾ ਕਰ ਸਕਦਾ ਹੈ। ਇੱਥੇ ਜ਼ਿਕਰਯੋਗ ਹੈ ਕਿ ਯੁਕਰੇਨ ਵਿਚ ਆਈ ਫ਼ੋਨ 7 ਦੀ ਕੀਮਤ ਕਰੀਬ ਚਾਰ ਲੋਕਾਂ ਦੀ ਔਸਤ ਤਨਖ਼ਾਹ ਦੇ ਬਰਾਬਰ ਹੈ।