ਲੰਡਨ: ਕੀ ਤੁਸੀਂ ਜਾਣਦੇ ਹੋ ਕਿ ਸਮਾਰਟਫੋਨ ਅਤੇ ਟੈਬਲਟ ਦੀਆਂ ਬੈਟਰੀਆਂ ਤੋਂ ਕਿਹੜੀਆਂ ਗੈਸਾਂ ਨਿਕਲਦੀਆਂ ਹਨ ਅਤੇ ਇਹ ਤੁਹਾਡੀ ਸਿਹਤ ਲਈ ਕਿੰਨੀਆਂ ਖ਼ਤਰਨਾਕ ਹਨ? ਇਹ ਜਾਣ ਕੇ ਤੁਸੀਂ ਹੈਰਾਨ ਹੋ ਜਾਓਗੇ ਕਿ ਇਨ੍ਹਾਂ ਨਾਲ 100 ਤੋਂ ਵੱਧ ਇਸ ਤਰ੍ਹਾਂ ਦੀਆਂ ਖ਼ਤਰਨਾਕ ਗੈਸਾਂ ਨਿਕਲਦੀਆਂ ਹਨ ਜਿਹੜੀਆਂ ਤੁਹਾਡੀ ਸਿਹਤ ਨੂੰ ਨੁਕਸਾਨ ਪਹੁੰਚਾ ਸਕਦੀਆਂ ਹਨ। ਖੋਜ ਦੇ ਬਾਅਦ ਵਿਗਿਆਨੀਆਂ ਨੇ ਲੋਕਾਂ ਨੂੰ ਇਸ ਦੇ ਪ੍ਰਤੀ ਆਗਾਹ ਕੀਤਾ ਹੈ।


ਚੀਨ ਦੀ ਸਿੰਘੁਆ ਯੂਨੀਵਰਸਿਟੀ ਅਤੇ ਇੰਸਟੀਚਿਊਟ ਆਫ ਐਨਬੀਸੀ ਡਿਫੈਂਸ ਦੇ ਖੋਜਕਰਤਾਵਾਂ ਮੁਤਾਬਕ ਲੀਥੀਅਮ ਬੈਟਰੀਆਂ ਤੋਂ ਨਿਕਲਣ ਵਾਲੀ ਕਾਰਬਨ ਮੋਨੋਆਕਸਾਈਡ ਸਮੇਤ 100 ਤੋਂ ਵੱਧ ਖ਼ਤਰਨਾਕ ਗੈਸਾਂ ਦੀ ਪਛਾਣ ਕੀਤੀ ਗਈ ਹੈ। ਇਨ੍ਹਾਂ ਨਾਲ ਚਮੜੀ, ਅੱਖਾਂ ਅਤੇ ਨੱਕ 'ਚ ਜਲਨ ਹੋਣ ਦੇ ਇਲਾਵਾ ਵਾਤਾਵਰਨ ਨੂੰ ਵੀ ਨੁਕਸਾਨ ਪਹੁੰਚਦਾ ਹੈ। ਸਾਰੇ ਲੋਕ ਤਾਂ ਇਹ ਵੀ ਨਹੀਂ ਜਾਣਦੇ ਕਿ ਰਿਚਾਰਜ ਹੋਣ ਵਾਲੇ ਉਪਕਰਣਾਂ ਦੀ ਬੈਟਰੀ ਦਾ ਜ਼ਿਆਦਾ ਗਰਮ ਹੋਣਾ ਅਤੇ ਹੇਠਲੇ ਪੱਧਰ ਦੇ ਚਾਰਜਰ ਦਾ ਇਸਤੇਮਾਲ ਵੀ ਖ਼ਤਰਨਾਕ ਹੋ ਸਕਦਾ ਹੈ।

ਪ੍ਰਮੁੱਖ ਖੋਜਕਰਤਾ ਅਤੇ ਇੰਸਟੀਚਿਊਟ ਆਫ ਐੱਨਬੀਸੀ ਡਿਫੈਂਸ ਦੀ ਪ੍ਰੋਫੈਸਰ ਜਿਈ ਸਨ ਨੇ ਕਿਹਾ ਕਿ ਅੱਜਕਲ੍ਹ ਦੁਨੀਆ ਭਰ ਦੇ ਕਈ ਦੇਸ਼ਾਂ ਦੀਆਂ ਸਰਕਾਰਾਂ ਇਲੈਕਟ੫ਾਨਿਕ ਗੱਡੀਆਂ ਤੋਂ ਲੈ ਕੇ ਮੋਬਾਈਲ ਉਪਕਰਣਾਂ ਲਈ ਲੀਥੀਅਮ ਆਇਨ ਬੈਟਰੀਆਂ ਨੂੰ ਬੜ੍ਹਾਵਾ ਦੇ ਰਹੀਆਂ ਹਨ। ਇਸ ਲਈ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਆਮ ਲੋਕਾਂ ਨੂੰ ਊਰਜਾ ਦੇ ਇਸ ਸਰੋਤ ਦੇ ਪਿੱਛੇ ਦੇ ਖ਼ਤਰੇ ਦੇ ਪ੍ਰਤੀ ਚੌਕਸ ਕੀਤਾ ਜਾਏ।

ਕਾਰਨਾਂ ਦੀ ਹੋਈ ਪਛਾਣ

ਸਨ ਅਤੇ ਉਨ੍ਹਾਂ ਦੀ ਟੀਮ ਨੇ ਇਸ ਤਰ੍ਹਾਂ ਦੇ ਕਈ ਕਾਰਨਾਂ ਦੀ ਪਛਾਣ ਕੀਤੀ ਹੈ ਜਿਸ ਨਾਲ ਜ਼ਹਿਰੀਲੀਆਂ ਗੈਸਾਂ ਪੈਦਾ ਹੁੰਦੀਆਂ ਹਨ। ਇਨ੍ਹਾਂ 'ਚੋਂ ਇਕ ਕਾਰਨ ਇਹ ਦੱਸਿਆ ਗਿਆ ਕਿ ਅੱਧੀ ਚਾਰਜ ਹੋਈ ਬੈਟਰੀ ਦੇ ਮੁਕਾਬਲੇ ਪੂਰੀ ਤਰ੍ਹਾਂ ਚਾਰਜ ਬੈਟਰੀ ਸਭ ਤੋਂ ਜ਼ਿਆਦਾ ਖ਼ਤਰਨਾਕ ਗੈਸਾਂ ਪੈਦਾ ਕਰਦੀ ਹੈ।

ਹੋ ਚੁੱਕੀਆਂ ਹਨ ਕਈ ਘਟਨਾਵਾਂ

ਬੈਟਰੀਆਂ ਦੇ ਫਟਣ ਅਤੇ ਅੱਗ ਲੱਗਣ ਦੀਆਂ ਘਟਨਾਵਾਂ ਹੋ ਚੁੱਕੀਆਂ ਹਨ। ਇਸ ਦੇ ਕਾਰਨ ਇਸ ਸਾਲ ਸੈਮਸੰਗ ਗਲੈਕਸੀ ਨੋਟ 7 ਦੇ ਲੱਖਾਂ ਸੈੱਟ ਵਾਪਸ ਮੰਗਣੇ ਪਏ। ਕੁਝ ਇਸ ਤਰ੍ਹਾਂ ਦੇ ਹੀ ਮਾਮਲੇ 2006 'ਚ ਵੀ ਆਏ ਸਨ ਜਦੋਂ ਡੈਲ ਨੇ ਲੱਖਾਂ ਲੈਪਟਾਪ ਵਾਪਸ ਮੰਗਵਾ ਲਏ ਸਨ।

ਕੀ ਹੈ ਲੀਥੀਅਮ-ਆਇਨ ਬੈਟਰੀ

ਇਹ ਬੈਟਰੀ ਲੀਥੀਅਮ ਕੋਬਾਲਟ ਆਕਸਾਈਡ 'ਤੇ ਆਧਾਰਤ ਹੁੰਦੀ ਹੈ। ਇਸ ਨਾਲ ਊਰਜਾ ਦੀ ਘਣਤਾ ਉੱਚ ਹੁੰਦੀ ਹੈ ਪਰ ਬੈਟਰੀ ਦੇ ਨੁਕਸਾਨ 'ਤੇ ਇਹ ਸੁਰੱਖਿਆ ਲਈ ਖ਼ਤਰਨਾਕ ਹੋ ਸਕਦਾ ਹੈ। ਅੱਜ ਕੱਲ੍ਹ ਘਰੇਲੂ ਇਲੈਕਟ੫ਾਨਿਕ ਉਪਕਰਣਾਂ 'ਚ ਲੀਥੀਅਮ-ਆਇਨ ਬੈਟਰੀ ਦਾ ਆਮ ਤੌਰ 'ਤੇ ਇਸਤੇਮਾਲ ਕੀਤਾ ਜਾਂਦਾ ਹੈ।