ਸਾਨ ਫਰਾਂਸਿਸਕੋ :ਮਾਈਯੋ ਬਲਾਗਿੰਗ ਸਾਈਟ ਟਵਿੱਟਰ ਨੇ ਪਿੱਛੇ ਜਿਹੇ ਹਿੰਦੀ, ਮਰਾਠੀ ਸਮੇਤ ਕਈ ਭਾਸ਼ਾਵਾਂ ਦੇ ਟਵੀਟ ਦੀ ਅੱਖਰ (ਕੈਰੇਕਟਰ) ਹੱਦ ਨੂੰ ਦੁਗਣਾ ਵਧਾ ਕੇ 280 ਕਰ ਦਿੱਤਾ ਸੀ। ਇਸ ਬਦਲਾਅ ਦੇ ਕੁਝ ਦਿਨਾਂ ਦੇ ਅੰਦਰ ਹੀ ਟਵਿੱਟਰ ਨੇ ਯੂਜ਼ਰ ਦੇ ਡਿਸਪਲੇ ਨੇਮ ਦੀ ਅੱਖਰ ਗਿਣਤੀ 20 ਤੋਂ ਵਧਾ ਕੇ 50 ਕਰ ਦਿੱਤੀ ਹੈ। ਇਸ ਦਾ ਮਤਲਬ ਹੋਇਆ ਕਿ ਟਵਿੱਟਰ ਯੂਜ਼ਰ ਆਪਣੇ ਡਿਸਪਲੇ ਨੇਮ 'ਚ ਇਮੋਜੀ ਦਾ ਇਸਤੇਮਾਲ ਵੀ ਕਰ ਸਕਣਗੇ। ਤੁਹਾਨੂੰ ਦੱਸ ਦਈਏ ਕਿ ਟਵਿੱਟਰ ਦੇ ਯੂਜ਼ਰ ਨੇਮ ਅਤੇ ਡਿਸਪਲੇ ਨੇਮ 'ਚ ਫਰਕ ਹੈ। ਇਸ ਸੋਸ਼ਲ ਨੈੱਟਵਰਕਿੰਗ ਸਾਈਟ ਨੇ ਪਹਿਲਾਂ ਤੋਂ ਆਪਣੇ ਯੂਜ਼ਰਸ ਨੂੰ ਸਹੂਲਤ ਦੇ ਰੱਖੀ ਹੈ ਕਿ ਉਹ ਆਪਣਾ ਯੂਜ਼ਰ ਨੇਮ ਕੁਝ ਵੀ ਰੱਖ ਸਕਦੇ ਹਨ। ਇਹ ਜ਼ਰੂਰੀ ਨਹੀਂ ਹੈ ਕਿ ਉਹ ਉਨ੍ਹਾਂ ਦਾ ਅਸਲੀ ਨਾਂ ਹੋਵੇ, ਜਿਵੇਂ ਫੇਸਬੁੱਕ ਵਿਚ ਹੁੰਦਾ ਹੈ। ਉੱਥੇ ਯੂਜ਼ਰ ਦਾ ਡਿਸਪਲੇ ਨੇਮ ਅਕਸਰ ਉਨ੍ਹਾਂ ਦਾ ਜਾਂ ਉਨ੍ਹਾਂ ਦੀ ਕੰਪਨੀ ਦਾ ਅਸਲੀ ਨਾਂ ਹੁੰਦਾ ਹੈ ਜਿਹੜਾ ਪ੍ਰੋਫਾਈਲ 'ਤੇ ਦਿਖਦਾ ਹੈ। ਇਸ ਨਾਲ ਉਨ੍ਹਾਂ ਦੇ ਦੋਸਤ ਟਵਿੱਟਰ 'ਤੇ ਉਨ੍ਹਾਂ ਨੂੰ ਆਸਾਨੀ ਨਾਲ ਲੱਭ ਸਕਦੇ ਹਨ। ਇਸ ਨਵੇਂ ਅਪਡੇਟ ਦੇ ਬਾਅਦ ਯੂਜ਼ਰ ਆਪਣੇ ਪ੍ਰੋਫਾਈਲ 'ਤੇ ਜਾ ਕੇ ਆਪਣਾ ਡਿਸਪਲੇ ਨੇਮ ਬਦਲ ਸਕਦੇ ਹਨ। ਹਾਲਾਂਕਿ ਯੂਜ਼ਰ ਨੇਮ 'ਚ ਹਾਲੇ ਕੋਈ ਬਦਲਾਅ ਨਹੀਂ ਕੀਤਾ ਗਿਆ। ਉਸ ਦੀ ਅੱਖਰ ਹੱਦ 15 ਹੀ ਹੈ।