ਨਵੀਂ ਦਿੱਲੀ: ਮੋਬਾਇਲ ਫ਼ੋਨ ਯੂਜ਼ਰਜ਼ ਲਈ ਬੁਰੀ ਖ਼ਬਰ ਇਹ ਹੈ ਕਿ ਉਹ ਹੁਣ ਇਕ ਟੈਲੀਕਾਮ ਕੰਪਨੀ ਦਾ ਨੰਬਰ ਦੂਜੀ ਟੈਲੀਕਾਮ ਕੰਪਨੀ 'ਚ ਪੋਰਟ ਨਹੀਂ ਕਰਵਾ ਸਕਣਗੇ। ਦੱਸ ਦਈਏ ਕਿ ਅਗਲੇ ਸਾਲ ਮਾਰਚ ਮਹੀਨੇ ਤੋਂ ਯੂਜ਼ਰਜ਼ ਨੂੰ ਇਸ ਦਿੱਕਤ ਦਾ ਸਾਹਮਣਾ ਕਰਨਾ ਪੈ ਸਕਦਾ ਹੈ।


ਜ਼ਿਕਰਯੋਗ ਹੈ ਕਿ ਐਮਐਨਪੀ ਇੰਟਰਕਨੈਕਸ਼ਨ ਟੈਲੀਕਾਮ ਸਾਲਿਊਸ਼ਨ ਤੇ ਸਿਨਿਵਰਸ ਤਕਨਾਲੋਜੀ ਨੇ ਡਿਪਾਰਟਮੈਂਟ ਆਫ ਟੈਲੀਕਮਿਊਨੀਕੇਸ਼ਨ ਨੂੰ ਇਕ ਪੱਤਰ ਲਿਖਿਆ ਹੈ ਜਿਸ 'ਚ ਕਿਹਾ ਗਿਆ ਹੈ ਕਿ ਜਨਵਰੀ ਤੋਂ ਲੈਕੇ ਹੁਣ ਤਕ ਪੋਰਟਿੰਗ ਫੀਸ ਕਾਰਨ ਤਕਰੀਬਨ 80% ਦਾ ਨੁਕਸਾਨ ਹੋਇਆ ਹੈ ਜਿਸ ਵਜ੍ਹਾ ਨਾਲ ਕੰਪਨੀ ਘਾਟੇ 'ਚ ਚਲੀ ਗਈ।


ਇਸ ਤੋਂ ਬਾਅਦ ਕੰਪਨੀ ਆਪਣੀ ਸਰਵਿਸ ਨੂੰ ਖ਼ਤਮ ਕਰਨ ਦੀ ਤਿਆਰੀ 'ਚ ਹੈ ਜੋ ਮਾਰਚ 2019 'ਚ ਪੂਰੀ ਤਰ੍ਹਾਂ ਖਤਮ ਕੀਤੀ ਜਾ ਸਕਦੀ ਹੈ।


ਦੱਸ ਦਈਏ ਕਿ ਕੰਪਨੀ ਵੱਲੋਂ ਸਰਵਿਸ ਪੂਰੀ ਤਰ੍ਹਾਂ ਬੰਦ ਕੀਤੇ ਜਾਣ ਤੋਂ ਬਾਅਦ ਯੂਜ਼ਰਜ਼ ਕੋਲ ਕੋਈ ਵਿਕਲਪ ਨਹੀਂ ਬਚੇਗਾ। ਹਾਲਾਂਕਿ ਕਈ ਯੂਜ਼ਰਜ਼ ਅਜਿਹੇ ਹਨ ਜੋ ਟੈਲੀਕਾਮ ਕੰਪਨੀ ਦੀ ਮਾੜੀ ਸਰਵਿਸ, ਨੈੱਟਵਰਕ ਸੁਵਿਧਾ ਆਦਿ ਕਈ ਸਮੱਸਿਆਵਾਂ ਤੋਂ ਪਰੇਸ਼ਾਨ ਹੋ ਕੇ ਕਿਸੇ ਦੂਜੇ ਟੈਲੀਕਾਮ ਕੰਪਨੀ 'ਚ ਨੰਬਰ ਪੋਰਟ ਕਰਵ ਲੈਂਦੇ ਸਨ। ਪਰ ਭਵਿੱਖ 'ਚ ਅਜਿਹਾ ਨਹੀਂ ਹੋ ਪਾਏਗਾ ਕਿਉਂਕਿ ਇੰਟਰਕਨੈਕਸ਼ਨ ਟੈਲੀਕਾਮ ਹੁਣ ਇਸ ਸੁਵਿਧਾ ਨੂੰ ਪੂਰੀ ਤਰ੍ਹਾਂ ਬੰਦ ਕਰਨ ਜਾ ਰਿਹਾ ਹੈ।


DoT ਅਧਿਕਾਰੀ ਨੇ ਕਿਹਾ ਕਿ ਜੇਕਰ ਇਹ ਮੁੱਦਾ ਛੇਤੀ ਨਾ ਸੁਲਝਿਆ ਤਾਂ ਅਸੀਂ ਇਸਦਾ ਬਦਲ ਸੋਚ ਸਕਦੇ ਹਾਂ ਤੇ ਕਿਸੇ ਕੰਪਨੀ ਨੂੰ ਇਸ ਕੰਮ ਦੀ ਜ਼ਿੰਮੇਵਾਰੀ ਸੌਂਪ ਸਕਦੇ ਹਾਂ। ਜ਼ਿਕਰਯੋਗ ਹੈ ਕਿ ਪਿਛਲੇ ਕੁਝ ਸਮੇਂ ਤੋਂ ਸਿਮ ਪੋਰਟ ਕਰਵਾਉਣ ਵਾਲੇ ਯੂਜ਼ਰਜ਼ ਦੀ ਗਿਣਤੀ ਤਿੰਨ ਗੁਣਾ ਹੋ ਚੁੱਕੀ ਹੈ।