ਚੰਡੀਗੜ੍ਹ: ਮੱਧ ਪ੍ਰਦੇਸ਼ ਦੇ ਸ਼ਯੋਪੁਰ ਜ਼ਿਲ੍ਹੇ 'ਚ ਗੇਮ ਖੇਡਦੇ ਸਮੇਂ ਮੋਬਾਈਲ ਫਟਣ ਨਾਲ ਅੱਗ ਲੱਗ ਗਈ ਜਿਸ ਨਾਲ ਗੇਮ ਖੇਡ ਰਹੇ ਬੱਚੇ ਦੇ ਹੱਥ-ਪੈਰ ਸੜ੍ਹ ਗਏ। ਜਿਸ ਸਮੇਂ ਇਹ ਘਟਨਾ ਵਾਪਰੀ ਸੰਦੀਪ ਬੈਰਵਾ ਨਾਂ ਦਾ ਬੱਚਾ ਮੋਬਾਈਲ ਚਾਰਜਿੰਗ 'ਤੇ ਲਾ ਕੇ ਗੇਮ ਖੇਡ ਰਿਹਾ ਸੀ। ਅਜਿਹੀ ਇੱਕ ਘਟਨਾ 4 ਜੂਨ ਨੂੰ ਮਹਾਰਾਸ਼ਟਰ 'ਚ ਵੀ ਵਾਪਰੀ ਸੀ ਜਿਸ 'ਚ ਖਾਣਾ ਖਾ ਰਹੇ ਵਿਅਕਤੀ ਦਾ ਜੇਬ 'ਚ ਰੱਖਿਆ ਮੋਬਾਈਲ ਬਲਾਸਟ ਹੋ ਗਿਆ ਸੀ।
ਮੋਬਾਈਲ ਵਰਤਦੇ ਸਮੇਂ ਕੁਝ ਸਾਵਧਾਨੀਆਂ ਰੱਖਣੀਆਂ ਜ਼ਰੂਰੀ ਹਨ ਤਾਂ ਜੋ ਅਜਿਹੀਆਂ ਘਟਨਾਵਾਂ ਤੋਂ ਬਚਿਆ ਜਾ ਸਕੇ।
ਨਕਲੀ ਬੈਟਰੀ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਹਮੇਸ਼ਾ ਇੱਕ ਹੀ ਕੰਪਨੀ ਦਾ ਤੇ ਔਰੀਜ਼ਨਲ ਬੈਟਰੀ ਤੇ ਚਾਰਜਰ ਵਰਤੋ।
ਰਾਤ ਭਰ ਮੋਬਾਈਲ ਚਾਰਜਿੰਗ 'ਤੇ ਲਾ ਕੇ ਨਾ ਰੱਖੋ। ਫੋਨ ਜ਼ਿਆਦਾ ਗਰਮ ਹੋਣ ਨਾਲ ਵੀ ਬਲਾਸਟ ਹੋ ਸਕਦਾ ਹੈ।
ਫੋਨ ਨੂੰ ਚਾਰਜ਼ ਕਰਦੇ ਸਮੇਂ ਨਾ ਵਰਤੋ। ਬੈਟਰੀ ਥੋੜ੍ਹੀ ਜਿਹੀ ਵੀ ਡੈਮੇਜ ਹੋ ਗਈ ਹੋਵੇ ਤਾਂ ਤੁਰੰਤ ਬਦਲੋ।
ਬਹੁਤ ਜ਼ਿਆਦਾ ਤਾਪਮਾਨ 'ਚ ਫੋਨ ਨਾ ਰੱਖੋ। ਇੱਥੋਂ ਤੱਕ ਕਿ ਸੂਰਜ ਦੀ ਸਿੱਧੀ ਰੌਸ਼ਨੀ 'ਚ ਵੀ ਫੋਨ ਰੱਖਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।
ਗੱਡੀ ਚਲਾਉਂਦੇ ਸਮੇਂ ਡੈਸ਼ਬੋਰਡ 'ਤੇ ਮੋਬਾਈਲ ਨਾ ਰੱਖੋ।