ਚੰਡੀਗੜ੍ਹ: ਇੱਕ ਤਾਜ਼ਾ ਖੋਜ ਵਿੱਚ ਮੋਬਾਈਲ ਡੇਟਾ ਦੀ ਕੀਮਤ ਸਬੰਧੀ ਹੈਰਾਨ ਕਰਨ ਵਾਲਾ ਤੱਥ ਸਾਹਮਣੇ ਆਇਆ ਹੈ। Cable.co.uk ਦੀ ਇਸ ਖੋਜ ਵਿੱਚ ਦੱਸਿਆ ਗਿਆ ਹੈ ਕਿ ਕਿਸੇ ਦੇਸ਼ ਵਿੱਚ ਇੱਕ GB ਡੇਟਾ ਲਈ ਕਿੰਨੇ ਪੈਸੇ ਦਿੱਤੇ ਜਾਂਦੇ ਹਨ। ਇਸ ਮਾਮਲੇ ਵਿੱਚ ਭਾਰਤੀ ਮੋਬਾਈਲ ਯੂਜ਼ਰਸ ਨੂੰ ਸਭ ਤੋਂ ਸਸਤਾ ਡੇਟਾ ਮਿਲ ਰਿਹਾ ਹੈ। ਭਾਰਤ ਵਿੱਚ ਗਾਹਕਾਂ ਨੂੰ 1GB ਲਈ ਮਹਿਜ਼ 18 ਰੁਪਏ ਦੇਣੇ ਹੁੰਦੇ ਹਨ ਜਦਕਿ ਜ਼ਿੰਬਾਬਵੇ ਵਿੱਚ 1GB ਡੇਟਾ ਲਈ ਉੱਥੋਂ ਦੇ ਲੋਕਾਂ ਨੂੰ 5000 ਰੁਪਏ ਦੇਣੇ ਪੈਂਦੇ ਹਨ। ਡੇਟਾ ਦੇ ਸਬੰਧ ਵਿੱਚ ਇਹ ਦੁਨੀਆ ਦੀ ਸਭ ਤੋਂ ਮਹਿੰਗੀ ਥਾਂ ਹੈ।
ਜੇ ਭਾਰਤ ਦੇ ਗੁਆਂਢੀ ਮੁਲਕ ਪਾਕਿਸਤਾਨ ਦੀ ਗੱਲ ਕੀਤੀ ਜਾਏ ਤਾਂ ਇੱਥੇ 1GB ਲਈ ਭਾਰਤ ਨਾਲੋਂ ਸਾਢੇ 7 ਗੁਣਾ ਵਧੇਰੇ ਕੀਮਤ ਅਦਾ ਕਰਨੀ ਪੈਂਦੀ ਹੈ। ਪਾਕਿਸਤਾਨ ਵਿੱਚ 1GB ਡੇਟਾ ਲਈ ਗਾਹਕ ਨੂੰ 1.85 ਡਾਲਰ, ਯਾਨੀ ਕਰੀਬ 130 ਰੁਪਏ ਦੇਣੇ ਪੈਂਦੇ ਹਨ ਜੋ ਭਾਰਤ ਦੇ ਮੁਕਾਬਲੇ ਕਾਫੀ ਮਹਿੰਗਾ ਹੈ। ਸਰਵੇ ਆਫ ਬਰਾਡਬੈਂਡ ਡੇਟਾ ਪੈਕੇਜ ਮੁਤਾਬਕ ਸੰਯੁਕਤ ਅਰਬ ਅਮੀਰਾਤ ਵਿੱਚ ਯੂਜ਼ਰਸ ਨੂੰ 1GB ਡੇਟਾ ਲਈ ਔਸਤ 721 ਰੁਪਏ ਦੇਣੇ ਹੁੰਦੇ ਹਨ। ਗਲੋਬਲ ਐਵਰੇਜ ਦੀ ਗੱਲ ਕਰੀਏ ਤਾਂ ਇਹ ਅੰਕੜਾ 1GB ਲਈ 601 ਰੁਪਏ ਹੈ।
Cable.co.uk ਨੇ 230 ਦੇਸ਼ਾਂ ਤੋਂ ਇਹ ਡੇਟਾ ਲਿਆ। ਤਕਰੀਬਨ 6313 ਮੋਬਾਈਲ ਡੇਟਾ ਪਲਾਨਜ਼ ਦੀ ਮਦਦ ਨਾਲ ਇਹ ਰਿਪੋਰਟ ਤਿਆਰ ਕੀਤੀ ਗਈ। ਇਸ ਡੇਟਾ ਨੂੰ 23 ਅਕਤੂਬਰ 2018 ਤੋਂ ਲੈ ਕੇ 28 ਨਵੰਬਰ 2018 ਵਿਚਾਲੇ ਇਕੱਠਾ ਕੀਤਾ ਗਿਆ। ਸੰਯੁਕਤ ਅਰਬ ਅਮੀਰਾਤ ਨੂੰ ਇਸ ਲਿਸਟ ਵਿੱਚ 163ਵੀਂ ਰੈਂਕਿੰਗ ਮਿਲੀ। GCC ਵਿੱਚ ਸਿਰਫ ਕੁਵੈਤ ਨੂੰ ਹੀ 50 ਸਭ ਤੋਂ ਸਸਤਾ ਡੇਟਾ ਦੇਣ ਵਾਲੇ ਦੇਸ਼ਾਂ ਵਿੱਚ ਸ਼ਾਮਲ ਕੀਤਾ ਗਿਆ ਜਿੱਥੇ ਐਵਰੇਜ ਡੇਟਾ ਲਈ ਸਿਰਫ 141 ਰੁਪਏ ਦੇਣੇ ਹੁੰਦੇ ਹਨ।