ਨਵੀਂ ਦਿੱਲੀ: ਆਧਾਰ ਜਾਰੀ ਕਰਤਾ ਅਥਾਰਟੀ UIDAI ਨੇ ਭਾਰਤੀ ਏਅਰਟੈੱਲ ਤੇ ਏਅਰਟੈੱਲ ਪੇਅਮੈਂਟਸ ਬੈਂਕ ਵਿਰੁੱਧ ਸਖ਼ਤ ਕਾਰਵਾਈ ਕਰਦਿਆਂ ਕੰਪਨੀ ਦਾ E-KYC ਲਾਇਸੰਸ ਮੁਅੱਤਲ ਕਰ ਦਿੱਤਾ ਹੈ। ਇਸ ਤੋਂ ਬਾਅਦ ਜਿੰਨਾ ਚਿਰ ਮਸਲਾ ਨਹੀਂ ਸੁਲਝਦਾ ਓਨਾ ਚਿਰ ਏਅਰਟੈੱਲ ਆਪਣੇ ਗਾਹਕਾਂ ਦੇ ਸਿੰਮ ਕਾਰਡ ਤੇ ਏਅਰਟੈੱਲ ਪੇਅਮੈਂਟਸ ਬੈਂਕ ਦੀ ਈ-ਵੈਰੀਫਿਕੇਸ਼ਨ ਨਹੀਂ ਕਰ ਸਕੇਗੀ।
ਏਅਰਟੈੱਲ 'ਤੇ ਇਲਜ਼ਾਮ ਹੈ ਕਿ ਕੰਪਨੀ ਨੇ ਗਾਹਕਾਂ ਦੀ ਮਨਜ਼ੂਰੀ ਤੋਂ ਬਿਨਾ ਹੀ ਉਨ੍ਹਾਂ ਦੇ ਬੈਂਕ ਖਾਤੇ ਖੋਲ੍ਹ ਦਿੱਤੇ। ਇਹ ਸਭ ਕੰਪਨੀ ਨੇ ਗਾਹਕਾਂ ਤੋਂ ਆਧਾਰ ਦੀ ਜਾਣਕਾਰੀ ਹਾਸਲ ਕਰਨ ਤੋਂ ਬਾਅਦ ਕੀਤਾ ਹੈ ਜੋ ਉਨ੍ਹਾਂ ਆਪਣੇ ਸਿੰਮ ਦੀ ਈ-ਵੈਰੀਫਿਕੇਸ਼ਨ ਰਾਹੀਂ ਕੰਪਨੀ ਨਾਲ ਸਾਂਝਾ ਕੀਤਾ ਸੀ।
ਕੰਪਨੀ 'ਤੇ ਗੰਭੀਰ ਇਲਜ਼ਾਮ ਇਹ ਲੱਗੇ ਹਨ ਕਿ ਇਨ੍ਹਾਂ ਪੇਮੈਂਟ ਬੈਂਕ ਖਾਤਿਆਂ ਦੀ ਵਰਤੋਂ ਐਲ.ਪੀ.ਜੀ. ਰਸੋਈ ਗੈਸ ਸਬਸਿਡੀ ਹਾਸਲ ਕਰਨ ਸਬੰਧੀ ਕਰ ਰਹੀ ਸੀ। ਇਸ ਸਬੰਧੀ ਕੰਪਨੀ ਦੇ ਬੁਲਾਰੇ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ E-KYC ਦੇ ਮੁਅੱਤਲ ਹੋਣ ਬਾਰੇ ਆਦੇਸ਼ ਮਿਲੇ ਹਨ। ਉਸ ਨੇ ਦੱਸਿਆ ਕਿ ਇਹ ਹੁਕਮ ਏਅਰਟੈੱਲ ਪੇਮੈਂਟਸ ਬੈਂਕ ਨਾਲ ਜੁੜੀਆਂ ਕੁਝ ਪ੍ਰਕਿਰਿਆਵਾਂ ਤੋਂ ਸੰਤੁਸ਼ਟੀ ਹੋਣ ਤਕ ਲਾਗੂ ਰਹਿਣਗੇ।
ਇਹ ਹਨ ਇਲਜ਼ਾਮ-
ਕੰਪਨੀ 'ਤੇ ਇਲਜ਼ਾਮ ਲੱਗਾ ਹੈ ਕਿ ਏਅਰਟੈੱਲ ਪੇਅਮੈਂਟਸ ਬੈਂਕ ਦੇ 23 ਲੱਖ ਤੋਂ ਜ਼ਿਆਦਾ ਗਾਹਕਾਂ ਦੇ ਇਨ੍ਹਾਂ ਬੈਂਕ ਖਾਤਿਆਂ ਵਿੱਚ 47 ਕਰੋੜ ਤੋਂ ਵੀ ਜ਼ਿਆਦਾ ਰੁਪਏ ਮਿਲੇ ਹਨ, ਜਿਨ੍ਹਾਂ ਨੂੰ ਖੋਲ੍ਹੇ ਜਾਣ ਬਾਰੇ ਉਨ੍ਹਾਂ ਨੂੰ ਜਾਣਕਾਰੀ ਤਕ ਨਹੀਂ ਸੀ।
ਸੂਤਰਾਂ ਨੇ ਦੱਸਿਆ ਹੈ ਕਿ ਇਹ ਮਾਮਲਾ UIDA ਦੇ ਧਿਆਨ ਵਿੱਚ ਲਿਆਂਦਾ ਗਿਆ ਕਿ ਏਅਰਟੈੱਲ ਦੇ ਰਿਟੇਲਰਾਂ (ਦੁਕਾਨਦਾਰਾਂ) ਨੇ ਉਨ੍ਹਾਂ ਗਾਹਕਾਂ ਦੇ ਵੀ ਬੈਂਕ ਖਾਤੇ ਖੋਲ੍ਹ ਦਿੱਤੇ ਹਨ ਜਿਨ੍ਹਾਂ ਨੇ ਆਪਣੇ ਸਿੰਮ ਵੈਰੀਫਿਕੇਸ਼ਨ ਆਧਾਰ ਰਾਹੀਂ ਕਰਵਾਏ ਸਨ। ਇਸ ਬਾਰੇ ਗਾਹਕਾਂ ਨੂੰ ਕੋਈ ਸੂਚਨਾ ਨਹੀਂ ਦਿੱਤੀ ਗਈ।