ਡੋਨਲਡ ਟਰੰਪ ਦਾ ਹੁਣ ਗੂਗਲ ਨਾਲ ਪੰਗਾ, ਲਾਏ ਗੰਭੀਰ ਇਲਜ਼ਾਮ
ਏਬੀਪੀ ਸਾਂਝਾ | 29 Aug 2018 01:19 PM (IST)
ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਦੁਨੀਆ ਦੇ ਸਭ ਤੋਂ ਵੱਡੇ ਸਰਚ ਇੰਜਨ ਗੂਗਲ ’ਤੇ ਉਨ੍ਹਾਂ ਤੇ ਉਨ੍ਹਾਂ ਦੀ ਰਿਪਬਲਿਕਨ ਪਾਰਟੀ ਖ਼ਿਲਾਫ਼ ਭੇਦਭਾਵ ਕਰਨ ਦਾ ਇਲਜ਼ਾਮ ਲਾਇਆ ਹੈ। ਟਵੀਟਾਂ ਦੀ ਝੜੀ ਲਾਉਂਦਿਆਂ ਉਨ੍ਹਾਂ ਲਿਖਿਆ ਕਿ ਗੂਗਲ ਉਨ੍ਹਾਂ ਤੇ ਉਨ੍ਹਾਂ ਦੀ ਪਾਰਟੀ ਦੇ ਕਈ ਲੀਡਰਾਂ ਖ਼ਿਲਾਫ਼ ਭੇਦਭਾਵ ਕਰਦਾ ਹੈ। ਅਜਿਹਾ ਇਸ ਲਈ ਕਿਉਂਕਿ ਜਦੋਂ ਇਨ੍ਹਾਂ ਲੋਕਾਂ ਬਾਰੇ ਸਰਚ ਕੀਤਾ ਜਾਂਦਾ ਹੈ ਤਾਂ ਜ਼ਿਆਦਾਤਰ ਖ਼ਬਰਾਂ ‘ਨੈਸ਼ਨਲ ਲੈਫਟ ਵਿੰਗ ਮੀਡੀਆ’ ਦੀਆਂ ਆਉਂਦੀਆਂ ਹਨ। ਟਰੰਪ ਨੇ ਕਿਹਾ ਕਿ ਗੂਗਲ ਟਰੰਪ ਵਿਰੋਧੀ ਆਵਾਜ਼ਾਂ ਦਾ ਸਾਥ ਦੇ ਰਿਹਾ ਹੈ ਤੇ ਉਨ੍ਹਾਂ ਦੀਆਂ ਚੰਗੀਆਂ ਗੱਲਾਂ ਨੂੰ ਅੱਗੇ ਨਹੀਂ ਆਉਣ ਦੇ ਰਿਹਾ। ਗੂਗਲ ਚੀਜ਼ਾਂ ਨੂੰ ਇਸ ਤਰ੍ਹਾਂ ਕਾਬੂ ਕਰ ਰਿਹਾ ਹੈ ਜਿਸ ਨਾਲ ਲੋਕਾਂ ਦੇ ਦੇਖਣ ਤੇ ਸਮਝਣ ਦੀ ਸਮਰਥਾ ’ਤੇ ਵੀ ਅਸਰ ਪੈ ਰਿਹਾ ਹੈ। ਟਰੰਪ ਨੇ ਇਸ ਤੋਂ ਪਹਿਲਾਂ ਵੀ ਸੋਸ਼ਲ ਮੀਡੀਆ ਕੰਪਨੀਆਂ ’ਤੇ ਨਿਸ਼ਾਨੇ ਕੱਸੇ ਹਨ। ਇਸ ਤੋਂ ਪਹਿਲਾਂ ਟਰੰਪ ਨੇ ਫੇਸਬੁੱਕ, ਟਵਿੱਟਰ ਤੇ ਗੂਗਲ ਨੂੰ ਵੀ ਉਨ੍ਹਾਂ ਨਾਲ ਪੱਖਪਾਤ ਕਰਨ ਲਈ ਘੇਰਿਆ ਸੀ। ਇਸ ਵਾਰੀ ਤਾਂ ਉਨ੍ਹਾਂ ਕੰਪਨੀਆਂ ਨੂੰ ਧਮਕੀ ਭਰੇ ਲਹਿਜ਼ੇ ਵਿੱਚ ਸਤਰਕ ਰਹਿਣ ਲਈ ਕਿਹਾ ਹੈ। ਇਹ ਮਾਮਲਾ ਸਾਹਮਣੇ ਆਉਣ ’ਤੇ ਗੂਗਲ ਨੇ ਆਪਣਾ ਪੱਖ ਰੱਖਦਿਆਂ ਕਿਹਾ ਕਿ ਉਨ੍ਹਾਂ ਦੇ ਸਰਚ ਇੰਜਨ ਦਾ ਇਸਤੇਮਾਲ ਸਿਆਸੀ ਏਜੰਡਾ ਤੈਅ ਕਰਨ ਲਈ ਨਹੀਂ ਕੀਤਾ ਜਾਂਦਾ। ਕੰਪਨੀ ਨੇ ਕਿਹਾ ਕਿ ਉਹ ਆਪਣੇ ਸਰਚ ਇੰਜਨ ਨੂੰ ਸਿਆਸੀ ਵਿਚਾਰਧਾਰਾ ਦੇ ਹਿਸਾਬ ਨਾਲ ਪ੍ਰਭਾਵਿਤ ਨਹੀਂ ਹੋਣ ਦਿੰਦੇ।