ਨਵੀਂ ਦਿੱਲੀ : ਵੋਡਾਫੋਨ ਇੰਡੀਆ ਤੇ ਆਈਡੀਆ ਸੈਲਿਊਲਰ ਨੇ ਭਾਰਤ 'ਚ ਆਪਣੇ-ਆਪਣੇ ਦੂਰਸੰਚਾਰ ਟਾਵਰ ਕਾਰੋਬਾਰ ਨੂੰ ਕੁੱਲ 7,850 ਕਰੋੜ ਰੁਪਏ 'ਚ ਏਟੀਸੀ ਟੈਲੀਕਾਮ ਇੰਫਰਾਸਟਰਕਚਰ ਨੂੰ ਵੇਚਣ ਦਾ ਫ਼ੈਸਲਾ ਕੀਤਾ ਹੈ। ਆਈਡੀਆ ਤੇ ਵੋਡਾਫੋਨ ਪਹਿਲਾਂ ਤੋਂ ਹੀ ਆਪਸ 'ਚ ਰਲੇਵੇਂ ਦੀ ਤਿਆਰੀ 'ਚ ਹਨ।
ਦੋਵੇਂ ਕੰਪਨੀਆਂ ਨੇ ਸ਼ੇਅਰ ਬਾਜ਼ਾਰਾਂ ਦੇ ਦਿੱਤੇ ਗਏ ਇਕ ਸੰਯੁਕਤ ਬਿਆਨ 'ਚ ਅੱਜ ਤਾਜ਼ਾ ਜਾਣਕਾਰੀ ਦਿੱਤੀ। ਇਸ 'ਚ ਕਿਹਾ ਗਿਆ ਹੈ ਕਿ ਆਈਡੀਆ ਸੈਲਿਊਲਰ, ਆਈਡੀਆ ਸੈਲਿਊਲਰ ਇਨਫਰਾਸੱਟਰਚਕਰ ਸਰਵਸਿਜ਼ ਲਿਮਟਿਡ 'ਚ ਆਪਣੀ ਪੂਰੀ ਹਿੱਸੇਦਾਰੀ ਜਦੋਂਕਿ ਵੋਡਾਫੋਨ ਆਪਣਾ ਇਕ ਕਾਰੋਬਾਰੀ ਅਦਾਰਾ ਏਟੀਸੀ ਟੈਲੀਕਾਮ ਇੰਫਾ ਨੂੰ ਵੇਚੇਗੀ ।
ਬਿਆਨ 'ਚ ਅੱਗੇ ਕਿਹਾ ਗਿਆ ਹੈ ਕਿ ਵੋਡਾਫੋਨ ਤੇ ਆਈਡੀਆ ਦੇ ਪ੍ਰਸਤਾਵਿਤ ਰਲੇਵੇਂ ਤੋਂ ਪਹਿਲਾਂ ਇਨ੍ਹਾਂ ਦੇ ਆਪਣੇ ਵੱਖ-ਵੱਖ ਟਾਵਰ ਕਾਰੋਬਾਰਾਂ ਦੀ ਵਿਕਰੀ ਪੂਰੀ ਹੋਣ 'ਤੇ ਵੋਡਾਫੋਨ ਇੰਡੀਆ ਨੂੰ 3,850 ਕਰੋੜ ਰੁਪਏ ਤੇ ਅਈਡੀਆ ਨੂੰ 4,000 ਕਰੋੜ ਰੁਪਏ ਮਿਲਣਗੇ।
ਇਸ ਸੌਦੇ ਦੇ 2018 ਦੀ ਪਹਿਲੀ ਛਿਮਾਹੀ ਤਕ ਪੂਰਾ ਹੋਣ ਦੀ ਉਮੀਦ ਹੈ। ਦੋਵਾਂ ਕੋਲ ਇਸ ਤਰ੍ਹਾਂ ਦੇ ਕੁੱਲ ਮਿਲਾ ਕੇ 20,000 ਦੂਰਸੰਚਾਰ ਟਾਵਰ ਹਨ। ਬਿਆਨ 'ਚ ਅੱਗੇ ਕਿਹਾ ਗਿਆ ਹੈ ਕਿ ਟਾਵਰ ਕਾਰੋਬਾਰ ਦੇ ਸੌਦਿਆ ਦਾ ਦੋਵਾਂ ਦੇ ਰਲੇਵੇਂ ਦੀਆਂ ਸ਼ਰਤਾਂ 'ਤੇ ਕੋਈ ਅਸਰ ਨਹੀਂ ਹੋਵੇਗਾ। ਜ਼ਿਕਰਯੋਗ ਹੈ ਕਿ ਇਸ ਸਾਲ ਦੇ ਸ਼ੁਰੂਆਤ 'ਚ ਵੋਡਾਫੋਨ ਇੰਡੀਆ ਤੇ ਆਈਡੀਆ ਨੇ 23 ਅਰਬ ਡਾਲਰ ਤੋਂ ਜ਼ਿਆਦਾ ਦਾ ਰਲੇਵੇਂ ਕਰਾਰ ਦਾ ਐਲਾਨ ਕੀਤਾ ਸੀ। ਇਸ ਰਲੇਵੇਂ ਨਾਲ ਦੇਸ਼ ਦੀ ਸਭ ਤੋਂ ਵੱਡੀ ਦੂਰਸੰਚਾਰ ਸੇਵਾ ਕੰਪਨੀ ਉੱਭਰੇਗੀ।