ਵੋਡਾਫੋਨ ਨੇ ਮਾਰਿਆਂ 5ਜੀ ਇੰਟਰਨੈਟ 'ਚ ਮਾਅਰਕਾ
ਏਬੀਪੀ ਸਾਂਝਾ | 09 Nov 2017 04:57 PM (IST)
ਨਵੀਂ ਦਿੱਲੀ: ਟੈਲੀਕਾਮ ਕੰਪਨੀਆਂ ਇਸ ਵੇਲੇ 4ਜੀ ਤੋਂ ਬਾਅਦ 5ਜੀ ਡਾਟਾ ਕਨੈਕਟਿਵਿਟੀ ਲਈ ਕੰਮ ਕਰ ਰਹੀਆਂ ਹਨ। ਯੂਕੇ ਦੀ ਟੈਲੀਕਾਮ ਕੰਪਨੀ ਵੋਡਾਫੋਨ ਨੇ ਐਲਾਨ ਕੀਤਾ ਹੈ ਕਿ ਕੰਪਨੀ ਨੇ ਪਹਿਲੀ 5ਜੀ ਡਾਟਾ ਕਨੈਕਟਿਵਿਟੀ ਇਟਲੀ 'ਚ ਹਾਸਲ ਕਰ ਲਈ ਹੈ। ਵੋਡਾਫੋਨ ਨੇ 5ਜੀ ਕਨੈਕਟਿਵਿਟੀ ਦੇ ਟਰਾਇਲ ਲਈ ਚੀਨੀ ਇਲੈਕਟ੍ਰੋਨਿਕ ਕੰਪਨੀ ਹੁਵਾਵੇ ਨਾਲ ਸਮਝੌਤਾ ਕੀਤਾ ਹੈ। ਹੁਵਾਵੇ ਨਾਲ ਮਿਲ ਕੇ ਵੋਡਾਫੋਨ ਨੇ ਮੀਮੋ ਤਕਨੀਕ ਨਾਲ ਰੇਡੀਓ ਬੇਸ ਸਟੇਸ਼ਨ ਤਿਆਰ ਕੀਤਾ ਸੀ। ਜੇਕਰ ਇਹ ਟਰਾਇਲ ਕਾਮਯਾਬ ਹੁੰਦੇ ਹਨ ਤਾਂ ਜਲਦ ਹੀ 5ਜੀ ਕਨੈਕਸ਼ਨ ਸਰਵਿਸ ਬਜ਼ਾਰ 'ਚ ਆ ਜਾਵੇਗਾ ਤੇ ਇਟਲੀ ਸਣੇ ਸਾਰੇ ਮੁਲਕ ਇਸ ਸਰਵਿਸ ਦਾ ਲਾਹਾ ਲੈ ਸਕਣਗੇ। ਵਿਗਿਆਨੀਆਂ ਦਾ ਮੰਨਣਾ ਹੈ ਕਿ 5ਜੀ ਤਕਨੀਕ 2020 'ਚ ਸਾਡੇ ਸਾਹਮਣੇ ਆ ਸਕਦੀ ਹੈ। ਉਸ ਵੇਲੇ ਅੱਜ ਦਾ ਕੋਈ ਵੀ ਸਮਾਰਟਫੋਨ ਉਸ ਤਕਨੀਕ ਦਾ ਇਸਤੇਮਾਲ ਨਹੀਂ ਕਰ ਸਕੇਗਾ। ਮੋਬਾਈਲ ਫੋਨ ਕੰਪਨੀਆਂ ਲਈ 5ਜੀ ਫੋਨ ਬਣਾਉਣਾ ਵੀ ਚੁਣੌਤੀ ਰਹੇਗੀ। ਇਸ ਤਕਨੀਕ ਨਾਲ ਤੁਹਾਡੀ ਡਾਟਾ ਸਪੀਡ 100 ਗੀਗਾਬਾਇਟਸ ਪ੍ਰਤੀ ਸੈਕੰਡ ਤੱਕ ਪੁੱਜ ਜਾਵੇਗੀ। ਮਤਲਬ 100 ਫਿਲਮਾਂ ਇਕੱਠੀਆਂ ਇੱਕ ਸੈਕੰਡ 'ਚ ਡਾਊਨਲੋਡ ਹੋ ਸਕਦੀਆਂ ਹਨ। 5 ਜੀ ਤਕਨੀਕ 'ਚ ਨਿਊ ਰੇਡੀਓ ਐਕਸਸ, ਨਵੀਂ ਪੀੜੀ ਦਾ ਐਲਟੀਈ ਤੇ ਚੰਗਾ ਕੋਰ ਨੈੱਟਵਰਕ ਹੋਵੇਗਾ।