ਨਵੀਂ ਦਿੱਲੀ: ਵ੍ਹਾਟਸਐਪ ਇਨ੍ਹੀਂ ਦਿਨੀਂ ਆਪਣੇ ਨਵੇਂ ਫੀਚਰ 'ਤੇ ਕੰਮ ਕਰ ਰਹੀ ਹੈ। ਫੇਸਬੁੱਕ ਹੁਣ ਵ੍ਹਾਟਸ ਐਪ ਰਾਹੀਂ ਵੀ ਬਿਜਨੈੱਸ ਕਰਨ ਦਾ ਕੰਮ ਸ਼ੁਰੂ ਕਰਨ ਦੀ ਤਿਆਰੀ ਵਿੱਚ ਹੈ। ਕੰਪਨੀ ਨੇ ਇਸ ਨਵੇਂ ਫ਼ੀਚਰ ਦਾ ਰਸਮੀ ਐਲਾਨ ਕਰ ਦਿੱਤਾ ਹੈ।


ਖ਼ਬਰਾਂ ਪ੍ਰਾਪਤ ਹੋਈਆਂ ਹਨ ਕਿ ਵ੍ਹਾਟਸਐਪ ਇਸ ਸਮੇਂ ਬਿਜ਼ਨੈਸ ਅਕਾਊਂਟ ਦੀ ਟੈਸਟਿੰਗ ਕਰ ਰਹੀ ਹੈ। ਇਸ ਰਾਹੀਂ ਛੋਟੀਆਂ ਕੰਪਨੀਆਂ ਤੋਂ ਲੈ ਕੇ ਵੱਡੀਆਂ ਕੰਪਨੀਆਂ ਆਪਣੇ ਗਾਹਕਾਂ ਨਾਲ ਜੁੜ ਸਕਦੀਆਂ ਹਨ।

ਬਿਜ਼ਨਸ ਅਕਾਊਂਟ ਨੂੰ ਵ੍ਹਾਟਸਐਪ ਵੱਲੋਂ ਵੈਰੀਫ਼ਾਈ ਕੀਤਾ ਜਾਵੇਗਾ, ਜਿਵੇਂ ਕਿਸੇ ਫੇਸਬੁੱਕ ਪੇਜ ਉੱਪਰ ਵੈਰੀਫਾਈਡ ਦਾ ਨਿਸ਼ਾਨ ਆਉਂਦਾ ਹੈ। ਇਸ ਕਿਸਮ ਦੇ ਖਾਤੇ ਨਾਲ ਉਸ ਦੇ ਉਪਭੋਗਤਾ ਚੈਟ ਕਰ ਸਕਣਗੇ ਤੇ ਇਸ ਰਾਹੀਂ ਭੇਜੇ ਸੰਦੇਸ਼ਾਂ ਦੇ ਰੰਗ ਵੀ ਆਮ ਵ੍ਹਾਟਸ ਐਪ ਨਾਲੋਂ ਵੱਖਰੇ ਹੋਣਗੇ।

ਇਸ ਕਿਸਮ ਦੇ ਖਾਤੇ ਵਾਲੀ ਚੈਟ ਨੂੰ ਮਿਟਾਇਆ ਨਹੀਂ ਜਾ ਸਕੇਗਾ। ਬਿਜ਼ਨੈਸ ਖਾਤੇ ਦੇ ਨੰਬਰ ਨੂੰ ਆਪਣੇ ਫ਼ੋਨ ਵਿੱਚ ਸੇਵ ਕਰਨ ਦੀ ਵੀ ਲੋੜ ਨਹੀਂ ਰਹੇਗੀ, ਇਹ ਕੰਮ ਵ੍ਹਾਟਸ ਐਪ ਆਪੇ ਹੀ ਕਰ ਦੇਵੇਗਾ। ਜੇਕਰ ਕੋਈ ਬਿਜ਼ਨਸ ਅਕਾਊਂਟ ਨਾਲ ਗੱਲਬਾਤ ਨਹੀਂ ਕਰਨੀ ਚਾਹੁੰਦਾ ਤਾਂ ਉਸ ਨੂੰ ਬਲੌਕ ਵੀ ਕੀਤਾ ਜਾ ਸਕਦਾ ਹੈ।