ਨਵੀਂ ਦਿੱਲੀ: ਫੇਸਬੁੱਕ ਨੇ ਐਫ 8 ਕਾਨਫਰੰਸ 'ਚ ਇਸ ਗੱਲ ਦਾ ਐਲਾਨ ਕੀਤਾ ਸੀ ਕਿ ਵਟਸਐਪ ਤੇ ਗਰੁੱਪ ਕਾਲਿੰਗ ਨਾਲ ਸਟਿੱਕਰਸ ਦੀ ਵੀ ਸੁਵਿਧਾ ਹੋਵੇਗੀ। ਇਸ ਤਹਿਤ ਵਟਸਐਪ ਬੀਟਾ ਵਰਜ਼ਨ 2.18.189 ਜੋ ਐਂਡਰਾਇਡ ਲਈ ਹੈ, ਉਸ 'ਤੇ ਨਵੇਂ ਸਟਿੱਕਰ ਰੀਐਕਸ਼ਨ ਫੀਚਰ ਨੂੰ ਟੈਸਟ ਕੀਤਾ ਗਿਆ ਹੈ। ਹਾਲਾਂਕਿ ਸਟਿੱਕਰਸ ਨਾਲ ਜੁੜੇ ਦੂਜੇ ਫੀਚਰਜ਼ ਨੂੰ ਹਟਾ ਦਿੱਤਾ ਗਿਆ ਹੈ।

WABetaInfo ਦੀ ਰਿਪੋਰਟ 'ਚ ਇਸ ਗੱਲ ਦੀ ਜਾਣਕਾਰੀ ਹੈ ਕਿ ਵਟਸਐਪ ਨੇ ਸਟਿੱਕਰ ਫੀਚਰ ਨੂੰ ਐਂਡਰਾਇਡ ਵਰਜ਼ਨ 2.18.120 ਤੇ ਟੈਸਟ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਗੱਲ ਦੀ ਵੀ ਜਾਣਕਾਰੀ ਦਿੱਤੀ ਗਈ ਹੈ ਕਿ ਕੁਝ ਫੀਚਰ ਡਵੈਲਪਮੈਂਟ ਲਈ ਹਟਾਏ ਵੀ ਗਏ ਹਨ ਜਿਨ੍ਹਾਂ ਨੂੰ ਦੁਬਾਰਾ ਅਗਲੇ ਅਪਡੇਟ 'ਚ ਯੂਜ਼ਰਜ਼ ਲਈ ਉਪਲੱਬਧ ਕਰਵਾਇਆ ਜਾਵੇਗਾ।

ਇਨ੍ਹਾਂ ਸਟਿੱਕਰਸ ਨੂੰ ਸਿਰਫ ਇਕ ਵਾਰ ਡਾਊਨਲੋਡ ਕਰਨਾ ਪਏਗਾ ਜਿਸ ਤੋਂ ਬਾਅਦ ਇਹ 4 ਰੀਐਕਸ਼ਨ ਕੈਟੈਗਰੀਜ਼ 'ਚ ਵੰਡੇ ਜਾਣਗੇ। ਫਿਲਹਾਲ ਯੂਜ਼ਰਜ਼ ਸਟਿੱਕਰ ਨਹੀਂ ਦੇਖ ਸਕਣਗੇ। ਕਿਉਂਕਿ ਇਨ੍ਹਾਂ ਨੂੰ ਬੀਟਾ ਐਪ ਤੋਂ ਹਟਾਇਆ ਜਾ ਚੁੱਕਾ ਹੈ ਪਰ ਨਵਾਂ ਫੀਚਰ ਛੇਤੀ ਹੀ ਯੂਜ਼ਰਜ਼ ਲਈ ਉਪਲੱਬਧ ਹੋਵੇਗਾ।