ਚੰਡੀਗੜ੍ਹ: ਵਟਸਐਪ ਜ਼ਰੀਏ ਫੈਲਣ ਵਾਲੀਆਂ ਅਫਵਾਹਾਂ ਨਾਲ ਹੋਣ ਵਾਲੀ ਹਿੰਸਾ ਪ੍ਰਤੀ ਸਰਕਾਰ ਦਾ ਦਬਾਅ ਝੱਲ ਰਹੇ ਵਟਸਐਪ ਨੇ ਭਾਰਤ ਵਿੱਚ ਸ਼ਿਕਾਇਤ ਅਧਿਕਾਰੀ ਨਿਯੁਕਤ ਕੀਤੀ ਹੈ। ਵਟਸਐਪ ਨੇ ਕੋਮਲ ਲਾਹਿੜੀ ਨਾਂ ਦੀ ਅਧਿਕਾਰੀ ਨਿਯੁਕਤ ਕੀਤੀ ਹੈ ਜੋ ਵਟਸਐਪ ਦੇ ਗਲੋਬਲ ਕਸਟਮਰ ਆਪਰੇਸ਼ਨਜ਼ ਦੀ ਸੀਨੀਅਰ ਡਾਇਰੈਕਟਰ ਹੈ।


ਅਮਰੀਕਾ ਤੋਂ ਹੀ ਭਾਰਤ 'ਤੇ ਨਜ਼ਰ:


ਕੋਮਲ ਲਾਹਿੜੀ ਅਮਰੀਕਾ ਤੋਂ ਹੀ ਭਾਰਤ 'ਚ ਵਟਸਐਪ 'ਤੇ ਆਉਣ ਵਾਲੇ ਮੈਸੇਜਸ 'ਤੇ ਨਜ਼ਰ ਰੱਖੇਗੀ। ਕੋਮਲ ਦੀ ਨਿਯੁਕਤੀ ਇਸ ਲਈ ਕੀਤੀ ਗਈ ਹੈ ਤਾਂ ਕਿ ਉਹ ਵਟਸਐਪ ਯੂਜ਼ਰਸ ਦੀ ਹਰ ਤਰ੍ਹਾਂ ਦੀਆਂ ਸ਼ਿਕਾਇਤਾਂ ਦੂਰ ਕਰ ਸਕੇ।


ਕਿਵੇਂ ਕਰ ਸਕਦੇ ਇਨ੍ਹਾਂ ਨਾਲ ਸੰਪਰਕ:


ਕੋਮਲ ਨਾਲ ਕੋਈ ਵੀ ਵਟਸਐਪ ਯੂਜ਼ਰ ਸੰਪਰਕ ਕਰ ਸਕਦਾ ਹੈ। ਕੰਪਨੀ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। ਕੋਮਲ ਨਾਲ ਸੰਪਰਕ ਕਰਨ ਲਈ ਮੋਬਾਇਲ ਐਪ 'ਤੇ Setting > Help > Contact Us 'ਤੇ ਜਾਇਆ ਜਾ ਸਕਦਾ ਹੈ। ਇਸ ਜ਼ਰੀਏ ਯੂਜ਼ਰਸ ਦੀਆਂ ਸ਼ਿਕਾਇਤਾਂ ਸਿੱਧਾ ਕੰਪਨੀ ਦੀ ਸਪੋਰਟ ਟੀਮ ਕੋਲ ਜਾਣਗੀਆਂ। ਇਸ ਤੋਂ ਇਲਾਵਾ ਈ-ਮੇਲ ਜ਼ਰੀਏ ਵੀ ਉਨ੍ਹਾਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ।


ਕੌਣ ਕੋਮਲ ਲਾਹਿੜੀ:


ਕੋਮਲ ਦੀ ਲਿੰਕਡ ਇਨ ਪ੍ਰੋਫਾਇਲ ਮੁਤਾਬਕ ਉਹ ਮਾਰਚ 2018 ਤੋਂ ਵਟਸਐਪ 'ਚ ਗਲੋਬਲ ਕਸਟਮਰ ਆਪਰੇਸ਼ਨਜ਼ ਐਂਡ ਲੋਕਲਾਈਜੇਸ਼ਨ 'ਚ ਸੀਨੀਅਰ ਡਾਇਰੈਕਟਰ ਹੈ। ਇਸ ਤੋਂ ਪਹਿਲਾਂ ਉਹ ਫੇਸਬੁੱਕ 'ਤੇ ਇੰਸਟਾਗ੍ਰਾਮ 'ਚ ਵੀ ਕਮਿਊਨਿਟੀ ਸਪੋਰਟ 'ਚ ਸੀਨੀਅਰ ਡਾਇਰੈਕਟਰ ਦੇ ਤੌਰ 'ਤੇ 3 ਸਾਲ 8 ਮਹੀਨੇ ਕੰਮ ਕਰ ਚੁੱਕੀ ਹੈ। ਇਸ ਤੋਂ ਇਲਾਵਾ ਉਨ੍ਹਾਂ PayPal 'ਚ ਵੀ ਬਤੌਰ ਫਾਇਨੈਂਸ਼ੀਅਲ ਰਿਸਕ ਪਲੇਟਫਾਰਮ 'ਚ ਸੀਨੀਅਰ ਡਾਇਰੈਕਟਰ ਦੇ ਤੌਰ 'ਤੇ 6 ਸਾਲ ਤੋਂ ਵੱਧ ਕੰਮ ਕੀਤਾ ਹੈ।


ਉਨ੍ਹਾਂ ਪੂਨੇ ਯੂਨੀਵਰਸਿਟੀ ਤੋਂ ਬੀਕਾਮ ਤੇ ਇੰਸਟੀਟਿਊਟ ਆਫ ਮੈਨੇਜਮੈਂਟ ਡਿਵੈਲਪਮੈਂਟ ਐਂਡ ਰਿਸਰਚ ਵਿਚ ਮੈਨੇਜਮੈਂਟ ਤੇ ਫਾਈਨਾਂਸ 'ਚ ਪੀਜੀਡੀਐਮ ਕਰਨ ਤੋਂ ਬਾਅਦ ਕੈਲੀਫੋਰਨੀਆ ਦੀ ਸੈਂਟਾ ਕਲਾਰਾ ਯੂਨੀਵਰਸਿਟੀ ਤੋਂ ਐਮਬੀਏ ਕੀਤੀ ਹੈ।