ਚੰਡੀਗੜ੍ਹ: ਦੇਸ਼ 'ਚ ਝੂਠੇ ਸੁਨੇਹਿਆਂ, ਫੇਕ ਵੀਡੀਓ ਤੇ ਤਸਵੀਰਾਂ ਕਾਰਨ ਵਧਦੀ ਭੀੜ ਹਿੰਸਾ ਦੀਆਂ ਘਟਨਾਵਾਂ 'ਤੇ ਕਾਬੂ ਪਾਉਣ ਲਈ ਵਟਸਐਪ ਨੇ ਵੱਧ ਤੋਂ ਵੱਧ ਕੋਈ ਮੈਸੇਜ ਪੰਜ ਵਾਰ ਫਾਰਵਰਡ ਕਰਨ ਦੇ ਨਿਯਮ ਨੂੰ ਕੱਲ੍ਹ ਰਾਤ ਲਾਗੂ ਕਰ ਦਿੱਤਾ ਹੈ। ਫਿਲਹਾਲ ਇਹ ਲਿਮਟ ਲੈਪਟਾਪ ਤੇ ਕੰਪਿਊਟਰ 'ਤੇ ਚਲਾਏ ਜਾਣ ਵਾਲੇ ਵਟਸਐਪ ਇੰਟਰਨੈਟ ਵੈਬ ਵਰਜ਼ਨ 'ਤੇ ਲਾਗੂ ਕੀਤੀ ਗਈ ਹੈ ਜਦਕਿ ਮੋਬਾਈਲ ਤੋਂ ਅਜੇ ਵੀ 256 ਲੋਕਾਂ ਨੂੰ ਮੈਸੇਜ ਫਾਰਵਰਡ ਕੀਤਾ ਜਾ ਸਕਦਾ ਹੈ।


ਕੰਪਿਊਟਰ ਜਾਂ ਲੈਪਟਾਪ ਜ਼ਰੀਏ ਹੁਣ ਕੋਈ ਵੀ ਵਟਸਐਪ ਯੂਜ਼ਰ ਕਿਸੇ ਵੀ ਮੈਸੇਜ, ਫੋਟੋ ਜਾਂ ਵੀਡੀਓ ਨੂੰ ਪੰਜ ਲੋਕਾਂ ਨੂੰ ਹੀ ਫਾਰਵਰਡ ਕਰ ਸਕੇਗਾ। ਹੁਣ ਇਕ ਸੰਦੇਸ਼ ਤਿੰਨ ਲੋਕਾਂ ਤੇ ਦੋ ਵਟਸਐਪ ਗਰੁੱਪਾਂ ਨੂੰ ਫਾਰਵਰਡ ਕਰਨ ਤੋਂ ਬਾਅਦ ਜਿਵੇਂ ਹੀ ਕਿਸੇ ਹੋਰ ਗਰੁੱਪ 'ਚ ਭੇਜਣ ਲਈ ਕਲਿਕ ਕਰੋਗੇ ਤਾਂ ਵਟਸਐਪ ਤਹਾਨੂੰ ਚੇਤਾਵਨੀ ਦੇਵੇਗਾ।


ਤੁਹਾਡੀ ਸਕਰੀਨ ਦੇ ਖੱਬੇ ਕੋਨੇ 'ਚ ਚੇਤਾਵਨੀ ਆਏਗੀ ਕਿ ਤੁਸੀਂ ਇਸ ਸੰਦੇਸ਼ ਨੂੰ ਪੰਜ ਤੋਂ ਵੱਧ ਲੋਕਾਂ ਨੂੰ ਨਹੀਂ ਭੇਜ ਸਕਦੇ। ਇਹ ਪਾਬੰਦੀ ਉਨ੍ਹਾਂ ਯੂਜ਼ਰਸ 'ਤੇ ਲਾਗੂ ਹੋਵੇਗੀ ਜੋ ਇਸ ਐਪ ਦੀ ਵਰਤੋ ਆਪਣੇ ਕੰਪਿਊਟਰ ਜਾਂ ਟੈਬਲੇਟ 'ਤੇ ਕਰਦੇ ਹਨ ਪਰ ਜਲਦ ਹੀ ਇਸਦੇ ਮੋਬਾਈਲ ਯੂਜ਼ਰਸ ਲਈ ਵੀ ਉਪਲਬਧ ਹੋਣ ਦੀ ਸੰਭਾਵਨਾ ਹੈ।