ਨਵੀਂ ਦਿੱਲੀ: ਇੰਸਟੈਂਟ ਮੈਸੇਜਿੰਗ ਐਪ ਵ੍ਹੱਟਸਐਪ ਆਪਣੇ ਯੂਜ਼ਰਜ਼ ਲਈ ਨਵੇਂ-ਨਵੇਂ ਫੀਚਰ ਲਿਆਉਂਦਾ ਰਹਿੰਦਾ ਹੈ ਪਰ ਇਸ ਵਾਰ ਐਪ ਦੇ ਬੀਟਾ ਵਰਸ਼ਨ ਵਿੱਚ ਸਭ ਤੋਂ ਖਾਸ ਫ਼ੀਚਰ ਨਜ਼ਰ ਆਇਆ ਹੈ। ਵ੍ਹੱਟਸਐਪ ਦੇ ਐਂਡ੍ਰੌਇਡ ਤੇ iOS ਬੀਟਾ ਵਰਸ਼ਨ ਵਿੱਚ ਪੇਮੈਂਟ ਆਪਸ਼ਨ ਵੇਖਿਆ ਗਿਆ ਹੈ। ਇਹ ਆਪਸ਼ਨ ਯੂ.ਪੀ.ਆਈ. ਲੈਣ-ਦੇਣ ਸਿਸਟਮ ਆਧਾਰਤ ਹੈ।
gizmotimes ਦੀ ਰਿਪੋਰਟ ਮੁਤਾਬਕ ਇਸ ਨਵੇਂ ਪੇਮੈਂਟ ਆਪਸ਼ਨ ਨੂੰ ਅਟੈਚਮੈਂਟ ਵਿੱਚ ਜੋੜਿਆ ਗਿਆ ਹੈ। ਇਸ ਵਿੱਚ ਬੈਂਕ ਚੋਣ ਦਾ ਵਿਕਲਪ ਵੀ ਮੌਜੂਦ ਹੈ ਪਰ ਹਾਲੇ ਇਸ ਵਿੱਚ ਕਿਸੇ ਖਾਤੇ ਨੂੰ ਜੋੜਿਆ ਨਹੀਂ ਜਾ ਸਕਦਾ। ਅਜਿਹੇ ਵਿੱਚ ਕਿਹਾ ਜਾ ਸਕਦਾ ਹੈ ਕਿ ਕੰਪਨੀ ਨੇ ਇਸ ਨਵੇਂ ਫੀਚਰ ਨੂੰ ਸਾਰਿਆਂ ਲਈ ਲਿਆਉਣ ਲਈ ਪੂਰੀ ਤਿਆਰੀ ਕਰ ਰਹੀ ਹੈ।
ਕਿਵੇਂ ਕੰਮ ਕਰਦਾ ਹੈ ਇਹ ਪੇਮੈਂਟ ਮੋਡ?
ਬੀਟਾ ਵਰਸ਼ਨ ਵਿੱਚ ਆਏ ਇਸ ਨਵੇਂ ਫੀਚਰ ਨੂੰ ਵੇਖਣ ਲਈ ਅਟੈਚਮੈਂਟ ਆਪਸ਼ਨ ਵਿੱਚ ਜਾਣਾ ਹੋਵੇਗਾ। ਇੱਥੇ ਕੌਨਟੈਕਟ, ਫ਼ੋਟੋ ਦੇ ਨਾਲ ਹੀ ਪੇਮੈਂਟ ਦਾ ਵਿਕਲਪ ਵਿਖਾਈ ਦੇਵੇਗਾ। ਇਸ 'ਤੇ ਕਲਿੱਕ ਕਰਦਿਆਂ ਹੀ ਯੂ.ਪੀ.ਆਈ. ਪੇਜ ਖੁੱਲ੍ਹ ਜਾਵੇਗਾ, ਜਿੱਥੋਂ ਕਿਸੇ ਨੂੰ ਵੀ ਪੈਸੇ ਭੇਜੇ ਜਾ ਸਕਦੇ ਹਨ।
ਕੀ ਹੈ ਯੂ.ਪੀ.ਆਈ. ਪੇਮੈਂਟ?
ਯੂਨੀਫਾਈਡ ਪੇਮੈਂਟ ਇੰਟਰਫੇਜ਼ ਇੱਕ ਅਜਿਹਾ ਭੁਗਤਾਨ ਸਿਸਟਮ ਹੈ, ਜਿਸ ਵਿੱਚ ਤੁਸੀਂ ਬੜੇ ਹੀ ਸੌਖੇ ਢੰਗ ਨਾਲ ਦੇਸ਼ ਵਿੱਚ ਕਿਸੇ ਨੂੰ ਵੀ ਪੈਸੇ ਭੇਜ ਸਕਦੇ ਹੋ। ਇਹ ਖਪਤਕਾਰ ਦੇ ਮੋਬਾਈਲ ਨੰਬਰ ਰਾਹੀਂ ਖਾਤੇ ਦੀ ਜਾਣਕਾਰੀ ਹਾਸਲ ਕਰਦਾ ਹੈ। ਇਸ ਦਾ ਮਤਲਬ ਕਿ ਜੇਕਰ ਤੁਹਾਨੂੰ ਪੈਸੇ ਭੇਜਣ ਜਾਂ ਮੰਗਵਾਉਣ ਲਈ ਆਪਣਾ ਬੈਂਕ ਖਾਤਾ ਨਹੀਂ ਸਿਰਫ ਮੋਬਾਈਲ ਨੰਬਰ ਦੇਣਾ ਹੋਵੇਗਾ।