ਨਵੀਂ ਦਿੱਲੀ: ਵ੍ਹੱਟਸਐਪ 'ਤੇ ਭੇਜਿਆ ਗਿਆ ਇਕਹਿਰਾ ਮੈਸੇਜ ਵਾਰ-ਵਾਰ ਸ਼ੇਅਰ ਹੁੰਦਾ ਹੈ ਤਾਂ ਉਸ ਵਿੱਚ ਕਈ ਤਰ੍ਹਾਂ ਦੇ ਬਦਲਾਅ ਕਰਕੇ ਅੱਗੇ ਫਾਰਵਰਡ ਕੀਤਾ ਜਾਂਦਾ ਹੈ ਤੇ ਯੂਜ਼ਰ ਨੂੰ ਇਹ ਬਿਲਕੁਲ ਵੀ ਇਲਮ ਨਹੀਂ ਰਹਿੰਦਾ ਕਿ ਇਹ ਖ਼ਬਰ ਸਹੀ ਨਹੀਂ ਹੈ। ਇਸ ਤਰ੍ਹਾਂ ਦੇ ਇਸ਼ਤਿਹਾਰ ਦੇ ਕੇ ਵ੍ਹੱਟਸਐਪ ਹੁਣ ਲੋਕਾਂ ਵਿੱਚ ਫੇਕ ਨਿਊਜ਼ ਪ੍ਰਤੀ ਜਾਗਰੂਕਤਾ ਫੈਲਾ ਰਿਹਾ ਹੈ। ਵ੍ਹੱਟਸਐਪ ਇਸ ਤਰ੍ਹਾਂ ਵਾਇਰਲ ਹੋਣ ਵਾਲੀਆਂ ਫੇਕ ਨਿਊਜ਼ ਨੂੰ ਕਾਬੂ ਕਰਨ ਲਈ ਕਈ ਤਰ੍ਹਾਂ ਦੇ ਤਰੀਕੇ ਵਰਤ ਰਿਹਾ ਹੈ, ਜਿਸ ਨਾਲ ਲੋਕਾਂ ਨੂੰ ਇਹ ਪਤਾ ਲੱਗ ਸਕੇ ਕਿ ਇਸ ਨੂੰ ਕਿਸੇ ਨੇ ਫਾਰਵਰਡ ਕੀਤਾ ਹੈ ਜਾਂ ਖ਼ੁਦ ਲਿਖ ਕੇ ਭੇਜਿਆ ਹੈ। ਇਸੇ ਤਹਿਤ ਹੁਣ ਵ੍ਹੱਟਸਐਪ ਪ੍ਰਚਾਰ ਕਰ ਰਿਹਾ ਹੈ ਕਿ ਭਾਰਤ ਦੇ 200 ਬਿਲੀਅਨ ਵ੍ਹੱਟਸਐਪ ਵਰਤੋਂਕਾਰ ਫੇਕ ਨਿਊਜ਼ ਤੋਂ ਕਿਵੇਂ ਬਚ ਸਕਦੇ ਹਨ। ਇਸ ਲਈ ਵ੍ਹੱਟਸਐਪ ਨੇ ਤਿੰਨ ਸਟੈੱਪ ਦੱਸੇ ਹਨ ਜੋ ਫੇਕ ਨਿਊਜ਼ ਤੇ ਅਸਲ ਨਿਊਜ਼ ਵਿੱਚ ਫਰਕ ਕਰਨ ਵਿੱਚ ਮਦਦ ਕਰਨਗੇ- 1. ਅਜਿਹੀਆਂ ਖ਼ਬਰਾਂ ਨੂੰ ਪਛਾਣੋ ਜੋ ਝੂਠੀਆਂ ਹੋ ਸਕਦੀਆਂ ਹਨ। ਇਸ ਲਈ ਫਾਰਵਰਡ ਕੀਤੇ ਹੋਏ ਮੈਸੇਜ ਤੋਂ ਇਹ ਪਤਾ ਨਾ ਲੱਗਣਾ ਕਿ ਇਹ ਕਿਸ ਨੇ ਭੇਜਿਆ ਹੈ ਤੇ ਸਰੋਤ, ਪ੍ਰਮਾਣ ਆਦਿ ਨਾ ਸਾਫ਼ ਹੋਣਾ ਤੇ ਕੋਈ ਵੀ ਅਜਿਹਾ ਫ਼ੋਟੋ, ਵੀਡੀਓ, ਆਡੀਓ ਜਾਂ ਸੰਦੇਸ਼ ਜੋ ਤੁਹਾਨੂੰ ਗੁੱਸਾ ਦਿਵਾਏ, ਫੇਕ ਨਿਊਜ਼ ਦੇ ਲੱਛਣ ਹੋ ਸਕਦੇ ਹਨ ਤੇ ਅਜਿਹੇ ਸੰਦੇਸ਼ਾਂ ਦੀ ਪੁਸ਼ਟੀ ਕਰਨੀ ਬਣਦੀ ਹੈ। 2. ਹੋਰਾਂ ਥਾਵਾਂ ਤੋਂ ਜਾਂਚ ਲੈਣਾ ਚਾਹੀਦਾ ਹੈ ਕਿ ਕੀ ਮੈਸੇਜ ਵਿੱਚ ਆਈ ਜਾਣਕਾਰੀ ਸੱਚੀ ਹੈ ਕਿ ਨਾ। ਇਸ ਲਈ ਇੰਟਰਨੈੱਟ ਦੀ ਮਦਦ ਲਈ ਜਾ ਸਕਦੀ ਹੈ। 3. ਅਫ਼ਵਾਹਾਂ ਨੂੰ ਫੈਲਣ ਤੋਂ ਰੋਕਣਾ ਚਾਹੀਦਾ ਹੈ। ਵ੍ਹੱਟਸਐਪ ਅਪੀਲ ਕਰਦਾ ਹੈ ਕਿ ਜੋ ਮੈਸੇਜ ਤੁਹਾਨੂੰ ਅੱਗੇ ਫਾਰਵਰਡ ਕਰਨ ਲਈ ਉਕਸਾਉਂਦੇ ਹਨ ਉਨ੍ਹਾਂ ਨੂੰ ਸ਼ੇਅਰ ਕਰਨ ਤੋਂ ਪਹਿਲਾਂ ਪਰਖ ਲਓ ਕਿ ਇਹ ਅਫ਼ਵਾਹ ਤਾਂ ਨਹੀਂ।