ਨਵੀਂ ਦਿੱਲੀ: WhatsApp ’ਤੇ ਫੈਲਦੀਆਂ ਅਫਵਾਹਾਂ ਤੇ ਉਨ੍ਹਾਂ ਨਾਲ ਦੇਸ਼ ਵਿੱਚ ਹੁੰਦੇ ਅਪਰਾਧਾਂ ਦੇ ਮੱਦੇਨਜ਼ਰ WhatsApp ਨਵੇਂ ਫੀਚਰ ’ਤੇ ਕੰਮ ਕਰ ਰਿਹਾ ਹੈ। ਇਸ ਫੀਚਰ ਦਾ ਨਾਂ ‘ਸਸਪੀਸ਼ੀਅਸ ਲਿੰਕ ਡਿਟੈਕਸ਼ਨ’ ਹੈ। ਇਸ ਦੀ ਮਦਦ ਨਾਲ WhatsApp ’ਤੇ ਭੇਜਿਆ ਕੋਈ ਵੀ ਲਿੰਕ ਚੈੱਕ ਕੀਤਾ ਜਾ ਸਕਦਾ ਹੈ ਕਿ ਉਹ ਸ਼ੱਕੀ ਜਾਂ ਸਪੈਮ ਤਾਂ ਨਹੀਂ। WhatsApp  ਐਂਡਰਾਇਡ ਦੇ ਬੀਟਾ ਵਰਜਨ 2.18.204 ’ਤੇ ਇਸ ਨਵੇਂ ਫੀਚਰ ਦੀ ਅਜ਼ਮਾਇਸ਼ ਕੀਤੀ ਜਾ ਰਹੀ ਹੈ। ਵਾੱਟਸਐਪ ਨਾਲ ਸਬੰਧਤ ਜਾਣਕਾਰੀ ਦੇਣ ਵਾਲੀ ਵੈੱਬਸਾਈਟ WABetaInfo ਵੱਲੋਂ ਇਸ ਨਵੇਂ ਫੀਚਰ ਬਾਰੇ ਦਿੱਤੀ ਜਾਣਕਾਰੀ ਮੁਤਾਬਕ ਅਜਿਹਾ ਕੋਈ ਲਿੰਕ, ਜਿਸ ’ਤੇ ਸ਼ੱਕ ਹੋਵੇ ਤਾਂ ਵਾੱਟਸਐਪ ਖ਼ੁਦ ਆਪਣੇ ਯੂਜ਼ਰਸ ਨੂੰ ਉਸ ਸਬੰਧੀ ਜਾਣਕਾਰੀ ਦੇਵੇਗਾ। ਜਿਵੇਂ ਹੀ ਯੂਜ਼ਰ ਨੂੰ ਕੋਈ ਫੇਕ ਜਾਂ ਸਪੈਮ ਲਿੰਕ ਮਿਲੇਗਾ ਤਾਂ ਵਾੱਟਸਐਪ ਵੱਲੋਂ ਉਸ ਲਿੰਕ ’ਤੇ ਲਾਲ ਰੰਗ ਦੇ ਫੌਂਟ ਵਿੱਚ ‘suspicious link’ ਲਿਖ ਦਿੱਤਾ ਜਾਏਗਾ। ਇਸ ਨੂੰ ਯੂਜ਼ਰ ਆਸਾਨੀ ਨਾਲ ਪੜ੍ਹ ਸਕਦੇ ਹਨ ਤੇ ਫੇਕ ਤੇ ਨੁਕਸਾਨ ਪਹੁੰਚਾਉਣ ਵਾਲੇ ਲਿੰਕ ਤੋਂ ਬਚ ਸਕਦੇ ਹਨ। WABetaInfo ਨੇ ਸਕਰੀਨ ਸ਼ਾਟ ਜਾਰੀ ਕਰਕੇ ਦੱਸਿਆ ਕਿ ਇਹ ਨਵਾਂ ਫੀਚਰ ਕੰਮ ਕਿਵੇਂ ਕਰੇਗਾ। ਜੇ ਕੋਈ ਯੂਜ਼ਰ ਅਜਿਹਾ ਸ਼ੱਕੀ ਲਿੰਕ ਖੋਲ੍ਹ ਲਵੇ ਤਾਂ ਵਾਟਸਐਪ ਆਪਣੇ ਵੱਲੋਂ ਯੂਜ਼ਰ ਨੂੰ ਸਾਵਧਾਨ ਕਰਿਦਆਂ ਇਹ ਮੈਸੇਜ ਦਿੰਦਾ ਹੈ- "This link contains unusual characters. It may be trying to appear as another site."
ਫੇਕ ਖ਼ਬਰਾਂ ਨਾਲ ਨਜਿੱਠਣ ਲਈ WhatsApp ਇੱਕ ਹੋਰ ਨਵੇਂ ਫੀਚਰ ’ਤੇ ਕੰਮ ਕਰ ਰਿਹਾ ਹੈ ਜਿਸ ਵਿੱਚ ਜੇ ਕੋਈ ਮੈਸੇਜ ਯੂਜ਼ਰ ਨੂੰ ਫਾਰਵਰਡ ਕੀਤਾ ਜਾ ਰਿਹਾ ਹੈ ਤਾਂ ਉਸ ਮੈਸੇਜ ’ਤੇ ਵੀ ਵਾਟਸਐਪ 'Forwarded' ਲਿਖ ਦੇਵੇਗਾ। ਇਸ ਦੀ ਮਦਦ ਨਾਲ ਯੂਜ਼ਰ ਸਮਝ ਸਕਦਾ ਹੈ ਕਿ ਉਸ ਨੂੰ ਇਹ ਮੈਸੇਜ ਲਿਖ ਕੇ ਨਹੀਂ ਬਲਕਿ ਫਾਰਵਰਡ ਕੀਤਾ ਗਿਆ ਹੈ। ਇਸ ਦੇ ਇਲਾਵਾ ਕੰਪਨੀ ਨੇ ਅਫ਼ਵਾਹਾਂ ’ਤੇ ਕਾਬੂ ਪਾਉਣ ਲਈ ਗਰੁੱਪ ਐਡਮਿਨ ਦੇ ਅਧਿਕਾਰਾਂ ਨੂੰ ਵੀ ਹੋਰ ਵਧਾ ਦਿੱਤਾ ਹੈ। ਗਰੁੱਪ ਐਡਮਿਨ ਕਿਸੇ ਵੀ ਗਰੁੱਪ ਮੈਂਬਰ ਦੇ ਮੈਸੇਜਸ ’ਤੇ ਰੋਕ ਲਾ ਸਕਦਾ ਹੈ। ਯਾਨੀ ਐਡਮਿਨ ਤੈਅ ਕਰੇਗਾ ਕਿ ਕਿਹੜੇ-ਕਿਹੜੇ ਗਰੁੱਪ ਮੈਂਬਰ ਮੈਸੇਜ ਭੇਜ ਸਕਣਗੇ ਤੇ ਕਿਹੜੇ ਨਹੀਂ।