ਵਟਸਐਪ ਵਰਤਣ ਵਾਲਿਓ 25 ਸਤੰਬਰ ਮਗਰੋਂ ਸਾਵਧਾਨ !
ਏਬੀਪੀ ਸਾਂਝਾ | 23 Sep 2016 03:51 PM (IST)
ਨਵੀਂ ਦਿੱਲੀ: ਦਿੱਲੀ ਹਾਈਕੋਰਟ ਨੇ ਵਟਸਐਪ ਦੀ ਜਾਣਕਾਰੀ ਫੇਸਬੁੱਕ ਨਾਲ ਸਾਂਝੀ ਕਰਨ ਦੇ ਮਾਮਲੇ ਵਿੱਚ ਵੱਡਾ ਫੈਸਲਾ ਦਿੱਤਾ ਹੈ। ਅਦਾਲਤ ਨੇ ਕਿਹਾ ਹੈ ਕਿ 25 ਸਤੰਬਰ ਤੱਕ ਦਾ ਸਾਰਾ ਡਾਟਾ ਸੁਰੱਖਿਅਤ ਹੈ ਤੇ ਇਹ ਫੇਸਬੁੱਕ ਨਾਲ ਸਾਂਝਾ ਨਹੀਂ ਹੋਵੇਗਾ। ਹਾਈਕੋਰਟ ਨੇ ਕਿਹਾ ਜੇਕਰ ਉਪਭੋਗਤਾ 25 ਸੰਤਬਰ ਤੋਂ ਪਹਿਲਾਂ ਆਪਣੇ ਅਕਾਉਂਟ ਡਿਲੀਟ ਕਰਦੇ ਹਨ ਤਾਂ ਸਰਵਰ ਤੋਂ ਡਾਟਾ ਰਿਲੀਜ਼ ਹੋਵੇਗਾ। ਇਸ ਦੇ ਨਾਲ ਹੀ ਹਾਈਕੋਰਟ ਨੇ ਕਿਹਾ ਕਿ ਜੇਕਰ ਉਪਭੋਗਤਾ 25 ਸਤੰਬਰ ਤੋਂ ਬਾਅਦ ਵੀ ਵਟਸਐਪ ਦਾ ਇਸਤੇਮਾਲ ਕਰਦੇ ਹਨ ਤਾਂ ਉਸ ਤੋਂ ਬਾਅਦ ਦਾ ਡਾਟਾ ਫੇਸਬੁੱਕ ਨਾਲ ਸਾਂਝਾ ਕੀਤਾ ਜਾ ਸਕਦਾ ਹੈ। ਹਾਈਕੋਰਟ ਦਾ ਇਹ ਫੈਸਲਾ ਉਸ ਪੀ.ਆਈ.ਐਲ. 'ਤੇ ਆਇਆ ਹੈ, ਜਿਸ ਵਿੱਚ ਵਟਸਐਪ ਦੀ ਜਾਣਕਾਰੀ ਫੇਸਬੁੱਕ ਤੋਂ ਸ਼ੇਅਰ ਕਰਨ ਦੀ ਪਾਲਿਸੀ ਨੂੰ ਚੁਣੌਤੀ ਦਿੱਤੀ ਗਈ ਸੀ। ਦੱਸਣਯੋਗ ਹੈ ਕਿ ਵਟਸਐਪ ਦੇ ਨਵੇਂ ਅਪਡੇਟ ਵਿੱਚ ਕੰਪਨੀ ਦੀ ਨਵੀਂ ਪਾਲਿਸੀ ਲਈ ਯੂਜ਼ਰਸ ਦੀ ਸਹਿਮਤੀ ਮੰਗੀ ਜਾ ਰਹੀ ਹੈ। ਇਸ ਨਵੀਂ ਪਾਲਿਸੀ ਤਹਿਤ ਵਟਸਐਪ ਤੁਹਾਡਾ ਯੂਜ਼ਰਸ ਦਾ ਨੰਬਰ ਆਪਣੀ ਪੇਰੈਂਟ ਕੰਪਨੀ ਫੇਸਬੁੱਕ ਨਾਲ ਸਾਂਝਾ ਕਰੇਗਾ। ਪਟੀਸ਼ਨ ਵਿੱਚ ਕਿਹਾ ਗਿਆ ਸੀ ਕਿ ਫੇਸਬੁੱਕ ਦੀ ਇਹ ਨਵੀਂ ਪਾਲਿਸੀ ਬਹੁਤ ਭਰਮਾਉਣ ਵਾਲੀ ਹੈ ਜਿਸ ਦਾ ਨਫਾ-ਨੁਕਸਾਨ ਆਮ ਆਦਮੀ ਆਸਾਨੀ ਨਾਲ ਨਹੀਂ ਸਮਝ ਸਕੇਗਾ।