ਨਵੀਂ ਦਿੱਲੀ : ਦਿੱਲੀ ਹਾਈਕੋਰਟ ਦੇ ਫੈਸਲੇ ਤੋਂ ਬਾਅਦ ਹੁਣ ਤੁਹਾਡੇ ਕੋਲ ਦੋ ਹੀ ਆਪਸ਼ਨ ਹਨ ਜਾਂ ਤਾਂ ਵਟਸਐਪ ਦੀ ਨਵੀਂ ਪਾਲਿਸੀ ਨਾਲ ਸਹਿਮਤ ਹੋ ਜਾਓ ਜਾਂ ਫਿਰ ਇਸ ਦਾ ਇਸਤੇਮਾਲ ਕਰਨਾ ਛੱਡ ਦਿਓ। ਵਟਸਐਪ ਨੇ ਇਹ ਗੱਲ ਹੁਣ ਸਾਫ ਕਰ ਦਿੱਤੀ ਹੈ।


ਵਟਸਐਪ ਨੇ ਆਪਣੇ ਯੂਜ਼ਰਸ ਨੂੰ ਅਜਿਹੇ ਮੈਸੇਜ਼ ਭੇਜੇ ਹਨ, ਜਿਸ ਵਿੱਚ ਲਿਖਿਆ ਹੈ ਕਿ ਵਟਸਐਪ ਆਪਣੇ ਟਰਮ ਐਂਡ ਕੰਡੀਸ਼ਨ ਦੀ ਪਾਲਿਸੀ ਨੂੰ ਅਪਡੇਟ ਕਰ ਰਿਹਾ ਹੈ। ਇਸ ਵਿੱਚ ਨਵੇਂ ਫੀਚਰ ਦੇ ਰਿਹਾ ਹੈ। ਜੇਕਰ ਤੁਸੀਂ ਚਾਹੁੰਦੇ ਹੋ ਕਿ ਨਵੇਂ ਫੀਚਰਸ ਨਾਲ ਜੁੜੋ ਤਾਂ ਤੁਹਾਨੂੰ ਨਵੀਂ ਪਾਲਿਸੀ ਨਾਲ ਸਹਿਮਤ ਹੋਣਾ ਹੋਵੇਗਾ। ਨਹੀਂ ਤਾਂ ਵਟਸਐਪ ਦਾ ਇਸਤੇਮਾਲ ਬੰਦ ਕਰਨਾ ਹੋਵੇਗਾ।

ਦੱਸਣਯੋਗ ਹੈ ਕਿ ਦਿੱਲੀ ਹਾਈਕੋਰਟ ਨੇ ਵਟਸਐਪ ਦੀ ਜਾਣਕਾਰੀ ਫੇਸਬੁੱਕ ਨਾਲ ਸਾਂਝੀ ਕਰਨ ਦੇ ਮਾਮਲੇ ਵਿੱਚ ਅਦਾਲਤ ਨੇ ਕਿਹਾ ਸੀ ਕਿ 25 ਸਤੰਬਰ ਤੱਕ ਦਾ ਸਾਰਾ ਡਾਟਾ ਸੁਰੱਖਿਅਤ ਹੈ ਤੇ ਇਹ ਫੇਸਬੁੱਕ ਨਾਲ ਸਾਂਝਾ ਨਹੀਂ ਹੋਵੇਗਾ।

ਹਾਈਕੋਰਟ ਨੇ ਕਿਹਾ ਸੀ ਕਿ ਜੇਕਰ ਉਪਭੋਗਤਾ 25 ਸੰਤਬਰ ਤੋਂ ਪਹਿਲਾਂ ਆਪਣੇ ਅਕਾਉਂਟ ਡਿਲੀਟ ਕਰਦੇ ਹਨ ਤਾਂ ਸਰਵਰ ਤੋਂ ਡਾਟਾ ਰਿਲੀਜ਼ ਹੋਵੇਗਾ। ਇਸ ਦੇ ਨਾਲ ਹੀ ਹਾਈਕੋਰਟ ਨੇ ਕਿਹਾ ਕਿ ਜੇਕਰ ਉਪਭੋਗਤਾ 25 ਸਤੰਬਰ ਤੋਂ ਬਾਅਦ ਵੀ ਵਟਸਐਪ ਦਾ ਇਸਤੇਮਾਲ ਕਰਦੇ ਹਨ ਤਾਂ ਉਸ ਤੋਂ ਬਾਅਦ ਦਾ ਡਾਟਾ ਫੇਸਬੁੱਕ ਨਾਲ ਸਾਂਝਾ ਕੀਤਾ ਜਾ ਸਕਦਾ ਹੈ। ਹਾਈਕੋਰਟ ਦਾ ਇਹ ਫੈਸਲਾ ਉਸ ਪੀ.ਆਈ.ਐਲ. ‘ਤੇ ਆਇਆ ਹੈ, ਜਿਸ ਵਿੱਚ ਵਟਸਐਪ ਦੀ ਜਾਣਕਾਰੀ ਫੇਸਬੁੱਕ ਤੋਂ ਸ਼ੇਅਰ ਕਰਨ ਦੀ ਪਾਲਿਸੀ ਨੂੰ ਚੁਣੌਤੀ ਦਿੱਤੀ ਗਈ ਸੀ।