ਵਟਸਐਪ ਪੇਮੈਂਟ ਫੀਚਰ ਦੀ ਸੁਰੱਖਿਆ 'ਤੇ ਸਵਾਲ, ਜਾਂਚ ਦੇ ਹੁਕਮ
ਏਬੀਪੀ ਸਾਂਝਾ | 04 Jun 2018 01:56 PM (IST)
ਨਵੀਂ ਦਿੱਲੀ: ਇਸ ਹਫ਼ਤੇ ਵਟਸਐਪ ਭਾਰਤੀ ਯੂਜਰਜ਼ ਲਈ ਪੇਮੈਂਟ ਫੀਚਰ ਜਾਰੀ ਕਰ ਸਕਦਾ ਹੈ। ਪੇਮੈਂਟ ਫੀਚਰ ਲਈ ਵਟਸਐਪ ਨੇ HDFC ਬੈਂਕ, ICICI ਬੈਂਕ ਤੇ ਐਕਸਿਸ ਬੈਂਕ ਨਾਲ ਸਾਂਝੇਦਾਰੀ ਕੀਤੀ ਹੈ। ਕਿਹਾ ਜਾ ਰਿਹਾ ਹੈ ਕਿ ਛੇਤੀ ਹੀ ਸਟੇਟ ਬੈਂਕ ਐਫ਼ ਇੰਡੀਆ ਵੀ ਇਸ ਸਾਂਝੇਦਾਰੀ ਦਾ ਹਿੱਸਾ ਬਣੇਗਾ। ਦੂਜੇ ਪਾਸੇ ਆਈਟੀ ਮੰਤਰਾਲੇ ਨੇ ਨੈਸ਼ਨਲ ਪੇਮੈਂਟ ਕਾਰਪੋਰੇਸ਼ਨ ਆਫ਼ ਇੰਡੀਆ ਨੂੰ ਵਟਸਐਪ ਦੇ ਫੀਚਰ ਦੀ ਜਾਂਚ ਦੇ ਹੁਕਮ ਦਿੱਤੇ ਹਨ। ਮੰਤਰਾਲੇ ਨੇ ਐਨਪੀਸੀਆਈ ਨੂੰ ਜਾਂਚ ਦੇ ਦਿਸ਼ਾ ਨਿਰਦੇਸ਼ ਦਿੰਦਿਆ ਕਿਹਾ ਕਿ ਇਹ ਦੇਖਿਆ ਜਾਵੇ ਕਿ ਮੋਬਾਈਲ ਮੈਸੇਜਿੰਗ ਐਪ ਨੇ ਆਪਣੀਆਂ ਸੇਵਾਵਾਂ ਦਾ ਵਿਸਤਾਰ ਕਰਨ ਤੋਂ ਪਹਿਲਾਂ ਰਿਜ਼ਰਵ ਬੈਂਕ ਦੇ ਨਿਯਮਾਂ ਦਾ ਪਾਲਨ ਕੀਤਾ ਹੈ ਕਿ ਨਹੀਂ। ਇਸ ਦੇ ਨਾਲ ਹੀ ਯੂਜ਼ਰਜ਼ ਦੇ ਡਾਟਾ ਦੀ ਸਿਕਿਓਰਟੀ ਨੂੰ ਲੈ ਕੇ ਉੱਚਿਤ ਕਦਮ ਚੁੱਕੇ ਜਾਣ ਨੂੰ ਵੀ ਉਕਤ ਜਾਂਚ 'ਚ ਸ਼ਾਮਲ ਕਰਨ ਲਈ ਕਿਹਾ। ਜ਼ਿਕਰਯੋਗ ਹੈ ਕਿ ਰਿਜ਼ਰਵ ਬੈਂਕ ਨੇ 5 ਅਪ੍ਰੈਲ, 2018 ਨੂੰ ਕਿਹਾ ਸੀ ਕਿ ਸਾਰੇ ਪੇਮੈਂਟ ਸਿਸਟਮ ਆਪਰੇਟਰਾਂ ਨੂੰ ਇਹ ਤੈਅ ਕਰਨਾ ਹੋਵੇਗਾ ਕਿ ਪੇਮੈਂਟ ਨਾਲ ਸਬੰਧਤ ਅੰਕੜੇ ਸਿਰਫ਼ ਭਾਰਤ 'ਚ ਸਟੋਰ ਕੀਤੇ ਜਾਣ। ਇਸ ਲਈ ਰਿਜ਼ਰਵ ਬੈਂਕ ਨੇ 6 ਮਹੀਨੇ ਦਾ ਸਮਾਂ ਦਿੱਤਾ ਸੀ। ਦੱਸ ਦਈਏ ਕਿ ਵਟਸਐਪ ਨੇ ਭਾਰਤ 'ਚ ਇਸ ਸਾਲ ਫਰਵਰੀ ਮਹੀਨੇ 'ਚ ਵਟਸਐਪ ਪੇਮੈਂਟ ਦਾ ਬੇਟਾ ਆਪਰੇਸ਼ਨ ਸ਼ੁਰੂ ਕੀਤਾ ਸੀ। ਆਪਰੇਸ਼ਨ ਦੌਰਾਨ ਇਹ ਇੱਕ ਮਿਲੀਅਨ ਯਾਨੀ 10 ਲੱਖ ਯੂਜ਼ਰਜ਼ ਲਈ ਉਪਲੱਬਧ ਹੈ ਜੋ ਅਗਲੇ ਹਫ਼ਤੇ ਲਾਂਚ ਤੋਂ ਬਾਅਦ ਭਾਰਤ 'ਚ 200 ਮਿਲੀਅਨ ਤੋਂ ਜ਼ਿਆਦਾ ਯੂਜ਼ਰਜ਼ ਲਈ ਉਪਲੱਬਧ ਹੋਵੇਗਾ। ਇਹ ਅੰਕੜੇ ਪੇਟੀਐਮ ਯੂਜ਼ਰਜ਼ ਤੋਂ 20 ਗੁਣਾ ਜ਼ਿਆਦਾ ਹਨ।