ਇਹ ਕੰਪਨੀ ਦੇ ਰਹੀ ਜੀਓ ਤੋਂ ਵੀ ਸਸਤੇ ਪਲਾਨ
ਏਬੀਪੀ ਸਾਂਝਾ | 21 Nov 2017 03:41 PM (IST)
ਨਵੀਂ ਦਿੱਲੀ: ਰਿਲਾਇੰਸ ਜੀਓ ਨੇ ਸਾਰੀਆਂ ਟੈਲੀਕਾਮ ਕੰਪਨੀਆਂ ਦੀ ਖੇਡ ਖਰਾਬ ਕਰ ਦਿੱਤੀ ਹੈ। ਆਪਣੇ ਸਸਤੇ ਡੇਟਾ ਤੇ ਫਰੀ ਕਾਲ ਕਾਰਨ ਜੀਓ ਟੈਲੀਕਾਮ ਬਾਕੀ ਕੰਪਨੀਆਂ ਲਈ ਮੁਸੀਬਤ ਬਣਦੀ ਜਾ ਰਹੀ ਹੈ। ਇਸ ਨੂੰ ਇੰਡਸਟਰੀ ਦਾ ਗੇਮ ਚੇਂਜਰ ਕਹਿਣਾ ਗਲਤ ਨਹੀਂ ਹੋਵੇਗਾ। ਇਸ ਤੋਂ ਉਲਟ ਵਾਈ-ਫਾਈ ਡੱਬਾ ਨਾਂ ਦੀ ਨਵੀਂ ਕੰਪਨੀ ਸਾਹਮਣੇ ਆਈ ਹੈ ਜਿਹੜੀ ਜੀਓ ਨੂੰ ਵੀ ਟੱਕਰ ਦੇ ਰਹੀ ਹੈ। ਬੰਗਲੁਰੂ ਦੀ ਸਟਾਰਟਅਪ ਵਾਈ-ਫਾਈ ਡੱਬਾ ਬੇਹੱਦ ਸਸਤੇ ਰੇਟਾਂ 'ਤੇ ਇੰਟਰਨੈਟ ਡੇਟਾ ਦੇ ਰਹੀ ਹੈ। ਵਾਈ-ਫਾਈ ਡੱਬਾ ਦੇ ਪਲਾਨ ਬਾਰੇ ਗੱਲ ਕਰੀਏ ਤਾਂ ਇਹ ਕੰਪਨੀ 2 ਰੁਪਏ 'ਚ 100 ਐਮਬੀ ਡਾਟਾ, 10 ਰੁਪਏ 'ਚ 500 ਐਮਬੀ ਤੇ 20 ਰੁਪਏ ਵਿੱਚ ਇੱਕ ਜੀਬੀ ਡਾਟਾ ਦੇ ਰਹੀ ਹੈ। ਇਹ ਪਲਾਨ 24 ਘੰਟਿਆਂ ਲਈ ਹੋਣਗੇ। ਖਾਸ ਗੱਲ ਇਹ ਹੈ ਕਿ ਟੈਲੀਕਾਮ ਕੰਪਨੀ ਰਿਲਾਇੰਸ ਜੀਓ 19 ਰੁਪਏ 'ਚ 150 ਐਮਬੀ ਡਾਟਾ ਤੇ 52 ਰੁਪਏ 'ਚ 1 ਜੀਬੀ ਡਾਟਾ ਦੇ ਰਹੀ ਹੈ। ਇਸ ਕੰਪਨੀ ਦਾ ਡੇਟਾ ਤੁਹਾਨੂੰ ਪ੍ਰੀਪੇਡ ਟੋਕਨ ਦੇ ਰੂਪ 'ਚ ਮਿਲੇਗਾ। ਇਹ ਕੂਪਨ ਚਾਹ ਦੀਆਂ ਦੁਕਾਨਾਂ 'ਤੇ ਵੀ ਮਿਲਣਗੇ। ਟੋਕਣ ਖਰੀਦ ਕੇ ਆਪਣਾ ਨੰਬਰ ਪੰਚ ਕਰਨਾ ਹੋਵੇਗਾ। ਇਸ ਤੋਂ ਬਾਅਦ ਤੁਹਾਨੂੰ ਇੱਕ ਓਟੀਪੀ ਆਵੇਗਾ ਜਿਸ ਨੂੰ ਕਨਫਰਮ ਕਰਕੇ ਡਾਟਾ ਅਕਾਉਂਟ 'ਚ ਐਡ ਕਰ ਦਿੱਤਾ ਜਾਵੇਗਾ। ਕੰਪਨੀ ਨੇ ਆਪਣੀ ਵੈੱਬਸਾਈਟ 'ਤੇ ਲਿਖਿਆ ਹੈ ਕਿ 'ਅਸੀਂ ਇੱਕ ਅਲੱਗ ਕਿਸਮ ਦਾ ਬੇਹੱਦ ਤੇਜ਼ ਨੈੱਟਵਰਕ ਦੇ ਰਹੇ ਹਾਂ। ਅਸੀਂ ਸਭ ਤੋਂ ਸਸਤੀ ਦਰਾਂ 'ਤੇ ਵਾਈ-ਫਾਈ ਦੇਵਾਂਗੇ। ਅਜਿਹੇ 'ਚ ਵੇਖਣਾ ਹੋਵੇਗਾ ਕਿ ਇਹ ਕੰਪਨੀ ਲੋਕਾਂ ਨੂੰ ਕਿੰਨੀ ਸਹੂਲਤ ਦੇ ਸਕਦੀ ਹੈ।