ਸ਼ਿਓਮੀ ਵੱਲੋਂ ਭਾਰਤ 'ਚ ਵੱਡਾ ਧਮਾਕਾ ਕਰਨ ਦੀ ਤਿਆਰੀ
ਏਬੀਪੀ ਸਾਂਝਾ | 12 Mar 2018 03:11 PM (IST)
ਨਵੀਂ ਦਿੱਲੀ: ਭਾਰਤ ਦੀ ਨੰਬਰ ਵਨ ਸਮਾਰਟਫੋਨ ਕੰਪਨੀ ਬਣਨ ਮਗਰੋਂ ਚੀਨੀ ਮੋਬਾਈਲ ਮੇਕਰ ਸ਼ਿਓਮੀ ਹੁਣ ਵੱਡਾ ਧਮਾਕਾ ਕਰਨ ਦੀ ਤਿਆਰੀ ਵਿੱਚ ਹੈ। ਪਿਛਲੇ ਸਾਲ ਭਾਰਤ ਵਿੱਚ ਐਲਈਡੀ ਟੀਵੀ ਲਾਂਚ ਕਰਨ ਮਗਰੋਂ ਸ਼ਿਓਮੀ ਇਸ ਸਾਲ ਦੇ ਅੰਤ ਤੱਕ ਛੇ ਨਵੇਂ ਸਮਾਰਟਫੋਨ ਲਾਂਚ ਕਰਨ ਜਾ ਰਹੀ ਹੈ। ਸ਼ਿਓਮੀ ਇੰਡੀਆ ਦੇ ਹੈੱਡ ਮੰਨੂ ਜੈਨ ਨੇ ਕਿਹਾ ਹੈ ਕਿ ਉਹ ਭਾਰਤ ਵਿੱਚ ਨਾ ਸਿਰਫ ਛੇ ਨਵੇਂ ਸਮਾਰਟਫੋਨ ਲਾਂਚ ਕਰਨਾ ਚਾਹੁੰਦੇ ਹਨ, ਬਲਕਿ ਆਫਲਾਈਨ ਮਾਰਕਿਟ ਨੂੰ ਵੀ ਹੁਲਾਰਾ ਦੇਣਾ ਚਾਹੁੰਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਸ਼ਿਓਮੀ ਸਮਾਰਟਫੋਨ ਤੋਂ ਇਲਾਵਾ ਵੀ ਭਾਰਤ ਵਿੱਚ ਦੂਜੇ ਪ੍ਰੋਡਕਟ ਲਾਂਚ ਕਰਨਾ ਚਾਹੁੰਦੀ ਹੈ। ਮੰਨੂ ਜੇਨ ਨੇ ਅੰਗਰੇਜ਼ੀ ਅਖਬਾਰ ਮਿੰਟ ਨੂੰ ਦਿੱਤੇ ਇੰਟਰਵਿਊ ਵਿੱਚ ਕਿਹਾ, "ਭਾਰਤ ਵਿੱਚ ਸਾਡੇ ਸਫਰ ਦੀ ਸ਼ੁਰੂਆਤ ਹੋਈ ਹੈ। ਅਸੀਂ ਇੱਥੇ ਬਹੁਤ ਕੁਝ ਹਾਸਲ ਕਰ ਸਕਦੇ ਹਾਂ।" ਇਸ ਵੇਲੇ ਸ਼ਿਓਮੀ ਦੇ ਭਾਰਤ ਵਿੱਚ 26 ਸਟੋਰ ਹਨ। ਪਿਛਲੇ ਸਾਲ ਦੀ ਚੌਥੀ ਤਿਮਾਹੀ ਵਿੱਚ ਸ਼ਿਓਮੀ 25 ਫੀਸਦੀ ਮਾਰਕਿਟ ਸ਼ੇਅਰ ਨਾਲ ਨੰਬਰ ਵਨ ਸਮਾਰਟਫੋਨ ਕੰਪਨੀ ਬਣੀ ਸੀ।