ਨਵੀਂ ਦਿੱਲੀ: ਸ਼ਿਓਮੀ ਦੇ ਨਵੇਂ 'ਮੁਲਕ ਦੇ ਸਮਾਰਟਫੋਨ' ਰੇਡਮੀ 5-ਏ ਦੇ ਨਾਲ ਜੀਓ ਧਮਾਕੇਦਾਰ ਆਫਰ ਦੇ ਰਿਹਾ ਹੈ। ਜੀਓ ਨੈੱਟਵਰਕ ਨਾਲ ਇਸ ਸਮਾਰਟਫੋਨ ਨੂੰ ਗਾਹਕ ਸਿਰਫ 3,999 ਰੁਪਏ 'ਚ ਖਰੀਦ ਸਕਦੇ ਹਨ ਜਦਕਿ ਸ਼ਿਓਮੀ ਨੇ ਇਸ ਸਮਾਰਟਫੋਨ ਦੀ ਕੀਮਤ 4,999 ਰੁਪਏ ਰੱਖੀ ਹੈ।

ਰਿਲਾਇੰਸ ਜੀਓ ਤੇ ਸ਼ਿਓਮੀ ਨੇ ਰੇਡਮੀ 5-ਏ ਲਈ ਸਾਂਝੇਦਾਰੀ ਕੀਤੀ ਹੈ। ਸ਼ਿਓਮੀ ਨੇ ਇਸ ਸਮਾਰਟਫੋਨ ਨੂੰ ਮੁਲਕ ਦਾ ਸਮਾਰਟਫੋਨ ਨਾਂ ਦਿੱਤਾ ਹੈ। ਇਸ ਡੀਲ ਤਹਿਤ ਰੇਡਮੀ 5-ਏ ਨੂੰ 1000 ਰੁਪਏ ਸਸਤਾ ਵੇਚਿਆ ਜਾ ਰਿਹਾ ਹੈ। ਇਸ ਸਮਾਰਟਫੋਨ ਦੇ 2 ਜੀਬੀ ਰੈਮ ਤੇ 16 ਜੀਬੀ ਮੈਮਰੀ ਮਾਡਲ ਨੂੰ ਬਾਜ਼ਾਰ 'ਚ 4,999 ਰੁਪਏ ਕੀਮਤ ਨਾਲ ਲਾਂਚ ਕੀਤਾ ਗਿਆ ਹੈ ਪਰ ਜੀਓ ਦੇ ਇਸ ਆਫਰ 'ਚ ਇਸ ਨੂੰ ਸਿਰਫ 3,999 ਰੁਪਏ 'ਚ ਖਰੀਦਿਆ ਜਾ ਸਕਦਾ ਹੈ।

ਰੇਡਮੀ 5-ਏ ਲਈ ਜਿਓ ਨੇ 199 ਰੁਪਏ ਦਾ ਸਪੈਸ਼ਲ ਟੈਰਿਫ ਪਲਾਨ ਲਾਂਚ ਕੀਤਾ ਹੈ। ਇਸ ਪਲਾਨ 'ਚ ਯੂਜ਼ਰ ਨੂੰ ਅਣਲਿਮਿਟਿਡ ਕਾਲਿੰਗ ਤੇ ਰੋਜ਼ਾਨਾ 1 ਜੀਬੀ ਡਾਟਾ ਦਿੱਤਾ ਜਾਵੇਗਾ। ਇਸ ਪਲਾਨ ਦੀ ਵੈਲੀਡਿਟੀ 28 ਦਿਨਾਂ ਤੱਕ ਹੋਵੇਗੀ। ਇਸ ਤਰ੍ਹਾਂ 199 ਰੁਪਏ 'ਚ ਕੰਪਨੀ ਗਾਹਕਾਂ ਨੂੰ 28 ਜੀਬੀ ਡਾਟਾ ਤੇ ਅਣਲਿਮਟਿਡ ਕਾਲ ਦੇ ਰਹੀ ਹੈ।