ਨਵੀਂ ਦਿੱਲੀ: ਚੀਨੀ ਕੰਪਨੀ ਸ਼ਿਓਮੀ ਨੇ ਭਾਰਤੀ ਬਾਜ਼ਾਰ ਵਿੱਚ ਥੋੜ੍ਹੇ ਸਮੇਂ ਵਿੱਚ ਹੀ ਇੱਕ ਵੱਡੀ ਮੰਜ਼ਿਲ ਹਾਸਲ ਕਰ ਲਈ ਹੈ। ਭਾਰਤੀ ਸਮਾਰਟਫ਼ੋਨ ਬਾਜ਼ਾਰ ਵਿੱਚ ਸੈਮਸੰਗ ਨੂੰ ਟੱਕਰ ਦਿੰਦਿਆਂ ਸ਼ਾਓਮੀ ਨੰਬਰ ਇੱਕ ਬ੍ਰੈਂਡ ਬਣ ਗਈ ਹੈ।


ਇੰਟਰਨੈਸ਼ਨਲ ਡੇਟਾ ਕਾਰਪੋਰੇਸ਼ਨ (IDC) ਦੀ ਰਿਪੋਰਟ ਮੁਤਾਬਕ ਭਾਰਤੀ ਬਾਜ਼ਾਰ ਵਿੱਚ ਸੈਮਸੰਗ ਤੇ ਸ਼ਿਓਮੀ ਦੋਵੇਂ ਹੀ ਨੰਬਰ ਇੱਕ ਵਾਲੇ ਸਥਾਨ 'ਤੇ ਬਰਾਬਰ ਮਾਰਕਿਟ ਸ਼ੇਅਰ ਨਾਲ ਕਾਬਜ਼ ਹਨ। ਇਸ ਦਾ ਮਤਲਬ ਹੈ ਕਿ ਪੂਰੇ ਸਮਾਰਟਫ਼ੋਨ ਮਾਰਕਿਟ ਦਾ 23.5% ਹਿੱਸੇਦਾਰੀ ਨਾਲ ਸੈਮਸੰਗ ਤੇ ਸ਼ਿਓਮੀ ਨੰਬਰ ਇੱਕ ਦੇ ਸਥਾਨ 'ਤੇ ਮੌਜੂਦ ਹਨ।

ਸੰਸਥਾ ਨੇ ਤੀਜੀ ਤਿਮਾਹੀ ਦੀ ਰਿਪੋਰਟ ਵਿੱਚ ਦੱਸਿਆ ਹੈ ਕਿ ਸੈਮਸੰਗ ਲਈ ਇਹ ਤਿਮਾਹੀ ਪਿਛਲੇ ਰਿਕਾਰਡ ਤੋੜਨ ਵਾਲੀ ਸਾਬਤ ਹੋਈ ਹੈ। ਕੰਪਨੀ ਦੇ ਗੈਲੇਕਸੀ ਸੀਰੀਜ਼ ਦੇ ਫ਼ੋਨ J2, J7 Nxt ਸਮੇਤ J ਸੀਰੀਜ਼ ਦੇ ਸਾਰੇ ਹੀ ਫ਼ੋਨ ਜ਼ਿੰਮੇਵਾਰ ਹਨ।

ਇਸ ਤੋਂ ਇਲਾਵਾ ਸ਼ਾਓਮੀ ਦੀ ਗੱਲ ਕਰੀਏ ਤਾਂ ਬੀਤੇ ਸਾਲ ਦੇ ਇਸੇ ਤਿਮਾਹੀ ਦੇ ਮੁਕਾਬਲੇ ਕੰਪਨੀ ਨੇ ਤਿੰਨ ਗੁਣਾ ਤਰੱਕੀ ਕੀਤੀ ਹੈ। ਰੈੱਡਮੀ ਨੋਟ 4 ਇਸ ਸਾਲ ਸ਼ਾਓਮੀ ਦਾ ਸਭ ਤੋਂ ਸਫ਼ਲ ਫ਼ੋਨ ਰਿਹਾ ਹੈ। ਕੰਪਨੀ ਨੇ ਇਸ ਤਿਮਾਹੀ ਵਿੱਚ ਤਕਰੀਬਨ 40 ਲੱਖ ਇਕਾਈਆਂ ਵੇਚੀਆਂ ਹਨ।