ਨਵੀਂ ਦਿੱਲੀ: ਭਾਰਤੀ ਸਮਾਰਟਫੋਨ ਬਾਜ਼ਾਰ ਵਿੱਚ ਦੱਖਣੀ ਕੋਰਿਆਈ ਦਿੱਗਜ਼ ਸੈਮਸੰਗ ਦੇ ਨਾਲ ਪਹਿਲੀ ਵਾਰ ਨੰਬਰ ਵਨ ਤੇ ਕਾਬਜ਼ ਹੋਣ ਤੋਂ ਬਾਅਦ ਚੀਨੀ ਸਮਾਰਟਫੋਨ ਮੇਕਰ Xiaomi ਨੇ 'ਮੇਕ ਇਨ ਇੰਡੀਆ' ਨੂੰ ਅਗਲੇ ਪੱਧਰ ਤੇ ਲਿਜਾਣ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਅਗਲੇ ਸਾਲ ਕੰਪਨੀ ਦੇਸ਼ ਭਰ ਵਿੱਚ ਹੋਰ ਉਤਪਾਦਨ ਇਕਾਈਆਂ ਸਥਾਪਤ ਕਰੇਗੀ।
ਇਸ ਦੇ ਨਾਲ ਹੀ ਚੀਨੀ ਸਮਾਰਟਫੋਨ ਨਿਰਮਾਤਾ ਨੇ ਦੋ ਪਾਵਰ ਬੈਂਕ ਦਾ ਐਲਾਨ ਕੀਤਾ ਹੈ। ਇੱਕ 10,000 ਐਮ.ਏ.ਐਚ. ਦਾ ਮੀ-ਪਾਵਰ ਬੈਂਕ 2 ਆਈ ਤੇ ਇੱਕ 20,000 ਐਮ.ਏ.ਐਚ ਦਾ ਐਮਆਈ ਪਾਵਰ ਬੈਂਕ 2 ਆਈ ਹੋਵੇਗਾ। ਇਨ੍ਹਾਂ ਦਾ ਪ੍ਰੋਡਕਸ਼ਨ ਨੋਇਡਾ ਵਿੱਚ ਕੀਤਾ ਜਾਵੇਗਾ। ਇਨ੍ਹਾਂ ਦੀ ਕੀਮਤ 799 ਤੇ 1499 ਰੁਪਏ ਰੱਖੀ ਗਈ ਹੈ।
Xiaomi ਦੇ ਉਪ ਪ੍ਰਧਾਨ ਤੇ ਇੰਡੀਆ ਵਿੱਚ ਪ੍ਰਬੰਧ ਨਿਦੇਸ਼ਕ ਮਨੂੰ ਜੈਨ ਨੇ ਦੱਸਿਆ, ''ਇੱਕ ਕੰਪਨੀ ਦੇ ਰੂਪ ਵਿੱਚ ਸਾਡੀ 100 ਫੀਸਦੀ ਵਚਨਬੱਧਤਾ 'ਮੇਕ ਇਨ ਇੰਡੀਆ' ਦੇ ਨਾਲ ਹੈ। ਇਹ ਕੁਝ ਅਜਿਹਾ ਹੈ ਜਿਸ ਵਿੱਚ ਅਸੀਂ ਇਸ ਸਾਲ ਦੀ ਸ਼ੁਰੂਆਤ ਤੋਂ ਹੀ ਸੋਚ ਰਹੇ ਸੀ ਕਿ ਅਸੀਂ ਅਜਿਹਾ ਪ੍ਰੋਗਰਾਮ ਬਾਕੀ ਉਤਪਾਦਾਂ ਦੇ ਲਈ ਵੀ ਚਲਾ ਸਕਦੇ ਹਾਂ।''
ਕੰਪਨੀ ਨੇ ਦੇਸ਼ ਵਿੱਚ ਆਪਣੇ ਤੀਸਰੇ ਉਤਪਾਦਨ ਪਲਾਂਟ ਨੂੰ ਨੋਇਡਾ ਵਿੱਚ ਸਥਾਪਤ ਕੀਤਾ ਹੈ, ਜਿੱਥੇ ਹਾਈਪੈਡ ਤਕਨੀਕ ਦੇ ਨਾਲ ਮਿਲਕੇ Xiaomi ਪਾਵਰ ਬੈਂਕ ਦਾ ਨਿਰਮਾਣ ਕਰੇਗੀ। ਜੈਨ ਨੇ ਕਿਹਾ ਕਿ ਇਹ ਪਹਿਲਾ ਗੈਰ-ਫੋਨ ਸੈਗਮੈਂਟ ਹੈ, ਜਿੱਥੇ ਅਸੀਂ 'ਮੇਕ ਇਨ ਇੰਡੀਆ' ਦਾ ਵਿਸਥਾਰ ਕਰ ਰਹੇ ਹਾਂ। ਜਲਦ ਹੀ ਹੋਰਨਾ ਸੈਗਮੈਂਟ ਵਿੱਚ ਵੀ ਇਸ ਦਾ ਵਿਸਥਾਰ ਕੀਤਾ ਜਾਵੇਗਾ।