ਨਵੀਂ ਦਿੱਲੀ: ਹਿੰਦੋਸਤਾਨੀ ਸਮਾਰਟਫੋਨ ਬਾਜ਼ਾਰ 'ਚ ਨੰਬਰ ਵਨ ਕੰਪਨੀ ਬਣਨ ਤੋਂ ਬਾਅਦ ਸ਼ਿਓਮੀ ਆਪਣੇ ਭਾਰਤੀ ਫੈਨਸ ਲਈ ਨਵੇਂ-ਨਵੇਂ ਪ੍ਰੋਡਕਟ ਲਾਂਚ ਕਰ ਰਹੀ ਹੈ। ਇਸੇ ਤਹਿਤ ਚਾਈਨੀਜ਼ ਕੰਪਨੀ ਨਵਾਂ ਰੇਡਮੀ ਸਮਾਰਟਫੋਨ ਭਾਰਤ 'ਚ 30 ਨਵੰਬਰ ਨੂੰ ਲਾਂਚ ਕਰਨ ਵਾਲੀ ਹੈ। ਸ਼ਿਓਮੀ ਨੇ ਇਸ ਆਉਣ ਵਾਲੇ ਸਮਾਰਟਫੋਨ ਨੂੰ 'ਇੰਡੀਆ ਦਾ ਸਮਾਰਟਫੋਨ' ਨਾਂ ਦਿੱਤਾ ਹੈ। ਰੇਡਮੀ ਕੰਪਨੀ ਦਾ ਬਜਟ ਸੈਗਮੈਂਟ ਹੈ ਤਾਂ ਅਜਿਹੇ 'ਚ ਉਮੀਦ ਕੀਤੀ ਜਾ ਰਹੀ ਹੈ ਕਿ ਇਹ 10,000 ਤੋਂ 12,000 ਰੁਪਏ ਵਿਚਾਲੇ ਹੋਵੇਗਾ।
ਕੰਪਨੀ ਜਿਵੇਂ ਇਸ ਸਮਾਰਟਫੋਨ ਨੂੰ ਪ੍ਰਮੋਟ ਕਰ ਰਹੀ ਹੈ, ਉਸ ਤੋਂ ਲੱਗਦਾ ਹੈ ਕਿ ਇਹ ਬਾਕੀ ਸ਼ਿਓਮੀ ਸਮਾਰਟਫੋਨ ਤੋਂ ਅਲੱਗ ਛੋਟੇ ਕਸਬਿਆਂ ਦੇ ਯੂਜ਼ਰ ਨੂੰ ਧਿਆਨ 'ਚ ਰੱਖ ਕੇ ਬਣਾਇਆ ਗਿਆ ਹੈ। ਪਿੱਛੇ ਜਿਹੇ ਸ਼ਿਓਮੀ ਇੰਡੀਆ ਦੇ ਹੈੱਡ ਮਨੂੰ ਕੁਮਾਰ ਜੈਨ ਮੁਲਕ ਦੇ ਪਿੰਡਾਂ ਤੇ ਕਸਬਿਆਂ ਦੇ ਸਫਰ ਦੌਰਾਨ ਲੋਕਾਂ ਨੂੰ ਮਿਲੇ ਸਨ। ਉਨ੍ਹਾਂ ਸੋਸ਼ਲ ਮੀਡੀਆ 'ਤੇ ਇਸ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਸਨ। ਹੋ ਸਕਦਾ ਹੈ ਕਿ ਇਹ ਫੋਨ ਉਨ੍ਹਾਂ ਦੀ ਉਸੇ ਫੇਰੀ ਦੌਰਾਨ ਸੋਚਿਆ ਆਇਡੀਆ ਹੋਵੇ।
ਇਸ ਤੋਂ ਇਲਾਵਾ ਖਬਰ ਹੈ ਕਿ ਕੰਪਨੀ ਆਪਣੇ ਨਵੇਂ ਰੇਡਮੀ ਫੋਨ ਰੇਡਮੀ ਨੋਟ 5 'ਤੇ ਕੰਮ ਕਰ ਰਹੀ ਹੈ। ਇਸ ਨੂੰ ਚਾਈਨੀਜ਼ ਰਿਟੇਲਰ ਓਪੋਮਾਰਟ 'ਤੇ ਵਿਕਰੀ ਲਈ ਪਾਇਆ ਗਿਆ ਹੈ। ਇਸ ਤਰ੍ਹਾਂ ਇਸ ਫੋਨ ਬਾਰੇ ਹੋਰ ਜਾਣਕਾਰੀਆਂ ਸਾਹਮਣੇ ਆਈਆਂ ਹਨ। ਇਸ ਰੇਡਮੀ ਨੋਟ 5 'ਚ 5.9 ਇੰਚ ਦੀ ਸਕ੍ਰੀਨ ਦਿੱਤੀ ਗਈ ਹੈ।
ਇਸ ਦਾ ਮਤਲਬ ਇਹ ਹੋਇਆ ਕਿ ਇਹ ਐਜ-ਟੂ-ਐਜ ਡਿਸਪਲੇ ਨਾਲ ਆਉਂਦਾ ਹੈ। ਇਸ 'ਚ ਕਵਾਲਕੌਮ ਸਨੈਪਡ੍ਰੈਗਨ 625 ਦਿੱਤਾ ਗਿਆ ਹੈ। ਇਹ 3 ਜੀਬੀ ਤੇ 4 ਜੀਬੀ ਰੈਮ ਦੇ ਨਾਲ ਆਉਂਦਾ ਹੈ। ਮੈਮਰੀ 32 ਜੀਬੀ ਤੇ 64 ਜੀਬੀ ਹੈ। ਇਸ 'ਚ 12 ਮੈਗਾਪਿਕਸਲ ਦਾ ਪਿਛਲਾ ਕੈਮਰਾ ਤੇ 5 ਮੈਗਾਪਿਕਸਲ ਦਾ ਸਾਹਮਣੇ ਵਾਲਾ ਕੈਮਰਾ ਹੈ। ਇਹ ਇਨਡ੍ਰਾਇਡ ਨੌਗਟ 7.1 ਦੇ ਨਾਲ ਆਵੇਗਾ ਜੋ MIUI 9 'ਤੇ ਬੇਸਡ ਹੋਵੇਗਾ। ਦੱਸਿਆ ਜਾ ਰਿਹਾ ਹੈ ਕਿ ਇਸ 'ਚ 4000 ਐਮਏਐਚ ਦੀ ਬੈਟਰੀ ਹੋਵੇਗੀ।