ਨਵੀਂ ਦਿੱਲੀ: ਸ਼ਿਓਮੀ ਦੇ ਬੇਹੱਦ ਕਾਮਯਾਬ ਸਮਾਰਟਫੋਨ 'ਚੋਂ ਇੱਕ ਰੇਡਮੀ ਨੋਟ 4 ਨੂੰ ਲੈ ਕੇ ਕੰਪਨੀ ਨੇ ਆਪਣੇ ਭਾਰਤੀ ਗਾਹਕਾਂ ਨੂੰ ਵੱਡੀ ਖੁਸ਼ਖਬਰੀ ਦਿੱਤੀ ਹੈ। ਸ਼ਿਓਮੀ ਰੇਡਮੀ ਨੋਟ 4 ਦੀ ਕੀਮਤ ਘਟਾਈ ਗਈ ਹੈ। ਰੇਡਮੀ ਨੋਟ 4 ਦੀ ਕੀਮਤ 1000 ਰੁਪਏ ਘਟਾ ਦਿੱਤੀ ਗਈ ਹੈ। ਹੁਣ ਇਹ 9999 ਰੁਪਏ 'ਚ ਖਰੀਦਿਆ ਜਾ ਸਕਦਾ ਹੈ। ਇਸ ਰੇਟ 'ਤੇ ਫਲਿਪਕਾਰਟ ਤੇ mi.com 'ਤੇ ਮੌਜੂਦ ਹੈ।


ਕੀਮਤ ਘਟਾਉਣ ਦਾ ਐਲਾਨ ਖੁਦ ਸ਼ਿਓਮੀ ਭਾਰਤ ਦੇ ਹੈੱਡ ਮਨੁੰ ਕੁਮਾਰ ਜੈਨ ਨੇ ਕੀਤਾ। ਉਨ੍ਹਾਂ ਟਵੀਟ ਕੀਤਾ ਕਿ ਅਸੀਂ ਦੇਸ਼ ਦੀ ਨੰਬਰ ਵਨ ਸੇਲ ਵਾਲੇ ਸਮਾਰਟਫੋਨ ਰੇਡਮੀ ਨੋਟ 4 ਦੀ ਕੀਮਤ 'ਚ 1000 ਰੁਪਏ ਦੀ ਕਟੌਤੀ ਕਰ ਰਹੇ ਹਾਂ। ਇਸ ਦੇ ਨਾਲ ਹੀ ਸ਼ਿਓਮੀ ਰੇਡ ਨੋਟ 4 ਦੇ 3 ਜੀਬੀ ਰੈਮ ਤੇ 32 ਜੀਬੀ ਮੈਮਰੀ ਵਾਲੇ ਫੋਨ ਦੀ ਕੀਮਤ ਹੁਣ 11,999 ਕਰ ਦਿੱਤੀ ਗਈ ਹੈ।

ਰੇਡਮੀ ਨੋਟ 4 'ਚ 5.5 ਇੰਚ ਦਾ ਫੁੱਲ ਐਚਡੀ ਡਿਸਪਲੇ ਹੈ। ਇਸ ਦੀ ਪਿਕਸਲ ਡੈਨਸਿਟੀ 401 ਪੀਪੀਆਈ ਹੈ। ਸਮਾਰਟਫੋਨ 'ਚ ਕਵਾਲਕਾਮ ਸਨੈਪਡ੍ਰੈਗਨ 625 ਚਿਪਸੈਟ ਇਸਤੇਮਾਲ ਕੀਤਾ ਗਿਆ ਹੈ। ਰੇਡਮੀ ਨੋਟ 4 ਸਮਾਰਟਫੋਨ ਦੀ ਸਭ ਤੋਂ ਵੱਡੀ ਖੂਬੀ ਇਸ ਦੀ 4100 ਐਮਏਐਚ ਦੀ ਬੈਟਰੀ ਹੈ। ਇਹ ਰੈਡਮੀ 3 ਦੇ ਮੁਕਾਬਲੇ 25 ਫੀਸਦੀ ਜ਼ਿਆਦਾ ਬੈਕਅਪ ਦਿੰਦੀ ਹੈ।

ਕੈਮਰਾ ਫ੍ਰੰਟ ਦੀ ਗੱਲ ਕਰੀਏ ਤਾਂ ਸਮਾਰਟਫੋਨ 'ਚ 13 ਮੈਗਾਪਿਕਸਲ ਦਾ ਰਿਅਰ ਅਤੇ 5 ਮੈਗਾਪਿਕਸਲ ਦਾ ਸੈਲਫੀ ਕੈਮਰਾ ਦਿੱਤਾ ਗਿਆ ਹੈ। ਸਮਾਰਟਫੋਨ 'ਚ ਫਿੰਗਰਪ੍ਰਿੰਟ ਸੈਂਸਰ ਤੇ ਇਨਫ੍ਰਾਰੈਡ ਸੈਂਸਰ ਵੀ ਦਿੱਤਾ ਗਿਆ ਹੈ।