ਭਾਰਤ ਫਤਹਿ ਮਗਰੋਂ ਸ਼ਿਓਮੀ ਦਾ ਅਮਰੀਕਾ 'ਤੇ ਧਾਵਾ
ਏਬੀਪੀ ਸਾਂਝਾ | 06 Mar 2018 12:56 PM (IST)
ਨਵੀਂ ਦਿੱਲੀ: ਚੀਨੀ ਮੋਬਾਈਲ ਮੇਕਰ ਤੇ ਭਾਰਤ ਦੀ ਨੰਬਰ ਵਨ ਸਮਾਰਟਫੋਨ ਕੰਪਨੀ ਸ਼ਿਓਮੀ ਹੁਣ ਅਮਰੀਕਾ ਵਿੱਚ ਵੱਡਾ ਧਮਾਕਾ ਕਰਨ ਦੀ ਤਿਆਰੀ ਵਿੱਚ ਹੈ। ਸ਼ਿਓਮੀ ਅਮਰੀਕੀ ਬਾਜ਼ਾਰ ਵਿੱਚ 2016 ਵਿੱਚ ਹੀ ਐਂਟਰੀ ਮਾਰਨਾ ਚਾਹੁੰਦੀ ਸੀ ਪਰ ਆਖਰਕਾਰ ਇਸ ਸਾਲ ਦੇ ਅਖੀਰ ਵਿੱਚ ਅਜਿਹਾ ਹੋਣ ਜਾ ਰਿਹਾ ਹੈ। ਵਾਲ ਸਟਰੀਟ ਜਨਰਲ ਦੀ ਰਿਪੋਰਟ ਮੁਤਾਬਕ 2018 ਦੇ ਅਖੀਰ ਜਾਂ 2019 ਦੀ ਸ਼ੁਰੂਆਤ ਵਿੱਚ ਸ਼ਿਓਮੀ ਅਮਰੀਕੀ ਬਾਜ਼ਾਰ ਵਿੱਚ ਐਂਟਰੀ ਕਰੇਗੀ। ਸ਼ਿਓਮੀ ਇਸ ਵੇਲੇ ਭਾਰਤ ਦੀ ਨੰਬਰ ਵਨ ਸਮਾਰਟਫੋਨ ਕੰਪਨੀ ਹੈ ਜਦੋਂਕਿ ਚੀਨ ਵਿੱਚ ਇਹ ਚੌਥੇ ਦਰਜੇ ਉੱਪਰ ਹੈ। ਸ਼ਿਓਮੀ ਭਾਰਤ ਤੇ ਦੱਖਣੀ ਏਸ਼ਿਆਈ ਬਾਜ਼ਾਰ ਵਿੱਚ ਜਬਰਦਸਤ ਕਾਮਯਾਬੀ ਹਾਸਲ ਕਰਨ ਮਗਰੋਂ ਉੱਤਰੀ ਅਮਰੀਕਾ ਤੇ ਯੂਰਪ ਵਿੱਚ ਵੀ ਥਾਂ ਬਣਾਉਣਾ ਚਾਹੁੰਦੀ ਹੈ। ਹਾਲ ਹੀ ਵਿੱਚ ਸ਼ਿਓਮੀ ਨੇ ਇਸ ਦੀ ਸ਼ੁਰੂਆਤ ਕਰਦੇ ਹੋਏ ਸਪੇਨ ਵਿੱਚ ਰਟੇਲ ਸਟੋਰ ਖੋਲ੍ਹਿਆ ਸੀ। ਮੰਨਿਆ ਜਾ ਰਿਹਾ ਹੈ ਕਿ ਅਮਰੀਕੀ ਬਾਜ਼ਾਰ ਵਿੱਚ ਸ਼ਿਓਮੀ ਲਈ ਥਾਂ ਬਣਾਉਣਾ ਸੌਖਾ ਨਹੀਂ ਕਿਉਂਕਿ ਉੱਥੇ ਇਸ ਦਾ ਮੁਕਾਬਲਾ ਐਪਲ ਤੇ ਸੈਮਸੰਗ ਨਾਲ ਹੋਏਗਾ। ਇਸ ਸਾਲ ਦੀ ਸ਼ੁਰੂਆਤ ਵਿੱਚ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਕੰਪਨੀ ਹੁਵਾਵੇ ਨੂੰ ਵੀ ਅਮਰੀਕੀ ਬਾਜ਼ਾਰ ਵਿੱਚ ਥਾਂ ਬਣਾਉਣ ਲਈ ਜੂਝਣਾ ਪੈ ਰਿਹਾ ਹੈ।